Pages

Thursday, September 30, 2010

ਅੱਜ ਤੋਂ ਸਿਨੇਮਿਆਂ 'ਚ ਰੇਡਾਂ ਪਾਵੇਗੀ 'ਕਬੱਡੀ ਇੱਕ ਮੁਹੱਬਤ'


ਫ਼ਿਲਮ ਦੇ ਇੱਕ ਦ੍ਰਿਸ਼ ਵਿੱਚ ਗੁੱਗੂ ਗਿੱਲ ਅਤੇ ਦੇਵ ਖਰੌੜ 


             
ਮਾਂ ਖੇਡ ਕਬੱਡੀ 'ਤੇ ਆਧਾਰਿਤ ਨਿਰਮਾਤਾ ਅਮਨੀਤ ਕਾਕੂ, ਬੌਬੀ ਸਿੱਧੂ, ਵਿਕਾਸ ਪੁਰੀ, ਬਲਜੀਤ ਸੀਰਾ ਤੇ ਗੌਰਵ ਸੰਧੂ ਦੁਆਰਾ ਨਿਰਮਿਤ ਅਤੇ ਨਿਰਦੇਸ਼ਕ ਗੁਰਿੰਦਰ ਡਿੰਪੀ ਦੁਆਰਾ ਨਿਰਦੇਸ਼ਤ ਫ਼ਿਲਮ 'ਕਬੱਡੀ ਇੱਕ ਮੁਹੱਬਤ' ਅੱਜ  ਤੋਂ ਵਿਸ਼ਵ ਦੇ ਸਿਨੇਮਿਆਂ ' ਰੇਡਾਂ ਪਾਉਣ ਲਈ 'ਵਾਰਮ ਅੱਪ' ਹੋ ਰਹੀ ਹੈ। ਇਸ ਫ਼ਿਲਮ ਦਾ ਹੀਰੋ ਟੈਲੀਵਿਜ਼ਨ ਜਗਤ ਦਾ ਜਾਣਿਆ ਪਛਾਣਿਆਂ ਚਿਹਰਾ ਦੇਵ ਖਰੌੜ ਹੈ ਜਦਕਿ ਹੀਰੋਇਨ ਦੀ ਭੁਮਿਕਾ ਵਿੱਚ ਗੁਰਲੀਨ ਚੋਪੜਾ ਨਜ਼ਰੀਂ ਆਵੇਗੀ। ਫ਼ਿਲਮ ਦੇ ਬਾਕੀ ਕਲਾਕਾਰਾਂ ਵਿੱਚ ਗੁੱਗੂ ਗਿੱਲ, ਦੀਪ ਢਿੱਲੋਂ, ਗੁਰਪ੍ਰੀਤ ਘੁੱਗੀ, ਰਾਣਾ ਰਣਵੀਰ, ਸ਼ਵਿੰਦਰ ਮਾਹਲ, ਸੁਨੀਤਾ ਧੀਰ, ਰਾਜੇਸ਼ ਸ਼ਰਮਾ, ਕਰਤਾਰ ਚੀਮਾ, ਗਗਨ ਗਿੱਲ, ਪਰਦੀਪ ਬਰਾੜ, ਬਲਕਰਨ ਬਰਾੜ ਆਦਿ ਸ਼ਾਮਿਲ ਹਨ। 
                 
ਉੱਘੇ ਅਦਾਕਾਰ ਰਾਣਾ ਰਣਵੀਰ ਤੇ ਓਪਿੰਦਰਪਾਲ ਵੜੈਚ ਦੁਆਰਾ ਲਿਖ਼ਤ ਇਹ ਫ਼ਿਲਮ ਜਿੱਥੇ ਅਦਾਕਾਰਾਂ ਪੱਖੋਂ ਇੱਕ ਮਜ਼ਬੂਤ ਫ਼ਿਲਮ ਹੈ ਓਥੇ ਇਸ ਫ਼ਿਲਮ ਨੂੰ ਤਕਨੀਕੀ ਪੱਖੋਂ ਬਿਹਤਰੀਨ ਬਣਾਉਣ ਲਈ ਵੀ ਇਸਦੇ ਨਿਰਮਾਤਾਵਾਂ ਨੇ ਕੋਈ ਵੀ ਕਸਰ ਬਾਕੀ ਨਹੀਂ ਛੱਡੀ। ਇਸ ਲਈ ਉਹਨਾਂ ਨੇ ਬਿਹਤਰੀਨ ਤਕਨੀਸ਼ੀਅਨਾਂ ਨੂੰ ਇਸ ਫ਼ਿਲਮ ਦੇ ਸਭ ਵਿਭਾਗ ਸੌਂਪੇ ਹਨ। ਫ਼ਿਲਮ ਨੂੰ ਕੈਮਰੇ ਵਿੱਚ ਕੈਦ ਕਰਨ ਦਾ ਕੰਮ 'ਏਕਮ' ਅਤੇ 'ਹਸ਼ਰ' ਜਿਹੀਆਂ ਫ਼ਿਲਮਾਂ ਨੂੰ ਫ਼ਿਲਮਾ ਚੁੱਕੇ ਉੱਘੇ ਕੈਮਰਾਮੈਨ .ਕੇ.ਐਨ. ਸੇਬੇਸਟੀਅਨ ਨੇ ਕੀਤਾ ਹੈ। ਰਾਣਾ ਰਣਵੀਰ ਰਚਿਤ ਇਸ ਫ਼ਿਲਮ ਦੇ ਡਾਇਲਾਗਜ਼ ਨੂੰ ਵੱਖ-ਵੱਖ ਕਲਾਕਾਰਾਂ ਦੀ ਆਵਾਜ਼ ਵਿੱਚ ਰਿਕਾਰਡ ਕਰਨ ਦਾ ਕੰਮ ਦੱਖਣ ਦੇ ਮੰਨੇ-ਪ੍ਰਮੰਨੇ ਤਕਨੀਸ਼ੀਅਨ ਸਿਨੌਏ ਨੇ ਕੀਤਾ ਹੈ।ਸ਼ੂਟਿੰਗ ਦੇ ਬਿਹਤਰੀਨ ਸ਼ਾਟਸ ਨੂੰ ਜੋੜਨ ਦਾ ਕੰਮ ਐਡੀਟਰ ਸ਼ਵਿੰਦਰ ਸਿੰਘ ਹੁਰਾਂ ਨੇ ਬਾਖੂਬੀ ਅੰਜਾਮ ਦਿੱਤਾ ਹੈ, ਖ਼ਾਸ ਤੌਰ 'ਤੇ ਕਬੱਡੀ ਮੈਚ ਵਾਲੇ ਦ੍ਰਿਸ਼ਾਂ ਵਿੱਚ ਤਾਂ ਉਹਨਾਂ ਨੇ ਕਮਾਲ ਹੀ ਕਰ ਦਿੱਤੀ ਹੈ ਜੋ ਨਿਸ਼ਚੇ ਹੀ ਦਰਸ਼ਕਾਂ ਨੂੰ ਬੇਹੱਦ ਪਸੰਦ ਆਵੇਗਾ।ਸੰਗੀਤਕ ਪੱਖੋਂ ਫ਼ਿਲਮ ਨੂੰ ਕਾਮਯਾਬੀ ਦੇਣ ਲਈ ਸੰਗੀਤਕਾਰ ਓਂਕਾਰ ਮਿਨਹਾਸ ਨੂੰ ਚੁਣਿਆ ਗਿਆ ਜਿੰਨ੍ਹਾਂ ਦੀ ਸੰਗੀਤ ਨਿਰਦੇਸ਼ਨਾ ਹੇਠ ਗੀਤਕਾਰ ਸ਼ਾਮ ਬਲਕਾਰ, ਮਨਪ੍ਰੀਤ ਟਿਵਾਣਾ, ਬੰਟੀ ਵੜੈਚ ਅਤੇ ਗੈਰੀ ਗਰੇਵਾਲ ਦੁਆਰਾ ਲਿਖੇ ਗੀਤਾਂ ਨੂੰ ਬਾਲੀਵੁੱਡ ਦੇ ਪ੍ਰਸਿੱਧ ਗਾਇਕਾਂ ਸੁਖਵਿੰਦਰ, ਉਦਿਤ ਨਰਾਇਣ, ਸਾਧਨਾ ਸਰਗਮ, ਮੀਕਾ, ਲਾਭ ਜੰਜੂਆ ਅਤੇ ਸੁਰਿੰਦਰ ਛਿੰਦਾ ਨੇ ਆਪਣੀਆਂ ਆਵਾਜ਼ਾਂ ਨਾਲ ਸ਼ਿੰਗਾਰਿਆ ਹੈ।ਫ਼ਿਲਮ ਦੇ ਇਸ ਬਿਹਤਰੀਨ ਸੰਗੀਤ ਨੂੰ ਪੂਰੀ ਦੁਨੀਆਂ ਦੇ ਕੰਨਾਂ ਤੱਕ ਪਹੁੰਚਾਉਣ ਦਾ ਕੰਮ ਉੱਘੀ ਸੰਗੀਤ ਕੰਪਨੀ 'ਸਪੀਡ' ਕਰ ਰਹੀ ਹੈ ਅਤੇ ਇਸ ਦੀ ਪਬਲੀਸਿਟੀ ਡਿਜ਼ਾਈਨ ਕਰਨ ਦਾ ਜ਼ਿੰਮਾ ਉੱਘੇ ਗ੍ਰਾਫ਼ਿਕਸ 'ਸੀ.ਪੀ.ਗ੍ਰਾਫ਼ਿਕਸ' ਕੋਲ ਹੈ ਜਿਸਨੇ ਬੜੀ ਖ਼ੂਬਸੂਰਤੀ ਨਾਲ ਆਪਣੀ ਕਲਾ ਦਾ ਕਮਾਲ ਦਿਖਾਇਆ ਹੈ।
                 ਪ੍ਰੋਡਕਸ਼ਨ ਮੈਨੇਜਰ ਮਨੀਸ਼ ਵਾਲੀਆ ਦੁਆਰਾ ਨਾਭੇ ਦੇ ਨੇੜੇ ਉਪਲਬਧ ਕਰਵਾਏ ਗਏ ਪਿੰਡ ਅਭੈਪੁਰ ਅਤੇ ਉਸਦੇ ਆਸ-ਪਾਸ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਜਿੱਥੇ ਪੰਜਾਬ ਦੀ ਮਿੱਟੀ ਨਾਲ ਜੁੜੀ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਗੱਲ ਕਰਦੀ ਹੈ ਓਥੇ ਇੱਕ ਵੱਡਾ ਸਮਾਜਿਕ ਸੁਨੇਹਾ ਦੇਣ ਦੇ ਨਾਲ ਨਾਲ ਦੋਸਤੀ ਦੀ ਗੱਲ ਵੀ ਕਰਦੀ ਹੈ। ਦਰਸ਼ਕਾਂ ਦੇ ਮਨੋਰੰਜਨ ਦਾ ਖ਼ਿਆਲ ਰੱਖਦਿਆਂ ਨਿਰਦੇਸ਼ਕ ਡਿੰਪੀ ਨੇ ਇਸ ਫ਼ਿਲਮ ਨੂੰ ਹਾਸ-ਰਸ ਭਰਪੂਰ ਬਣਾਉਣ ਲਈ ਪੂਰੀ ਫ਼ਿਲਮ ਵਿੱਚੋਂ ਲਗਭਗ ਪੌਣਾ ਘੰਟਾ ਕਾਮੇਡੀ ਲਈ ਰਾਖਵਾਂ ਰੱਖਿਆ ਹੈ। ਫ਼ਿਲਮ ਵਿੱਚ ਕਾਮੇਡੀ ਵਿਭਾਗ ਦੇ ਇੰਚਾਰਜ ਪੰਜਾਬੀ ਰੰਗਮੰਚ ਅਤੇ ਫ਼ਿਲਮਾਂ ਦੇ ਦੋ ਚਰਚਿਤ ਹਸਤਾਖ਼ਰ ਗੁਰਪ੍ਰੀਤ ਘੁੱਗੀ ਅਤੇ ਰਾਣਾ ਰਣਵੀਰ ਹਨ ਜਿੰਨ੍ਹਾਂ ਨੇ ਆਪਣੀਆਂ ਹਾਸ ਰਸ ਨਾਲ ਭਰਪੂਰ ਛੁਰਲੀਆਂ ਨਾਲ ਇਸ ਫ਼ਿਲਮ ਨੂੰ ਰੌਚਕਤਾ ਦੇ ਸਿਖਰ 'ਤੇ ਪਹੁੰਚਾਇਆ ਹੈ।
       
ਫ਼ਿਲਮ ਦੇ ਨਿਰਦੇਸ਼ਕ ਗੁਰਿੰਦਰ ਡਿੰਪੀ ਅਨੁਸਾਰ ਉਹਨਾਂ ਦਾ ਇਸ ਫ਼ਿਲਮ ਨੂੰ ਬਣਾਉਣ ਦਾ ਉਦੇਸ਼ ਪੰਜਾਬੀ ਸਿਨੇਮੇ ਨੂੰ ਆਪਣੀ ਮਿੱਟੀ ਨਾਲ ਜੁੜੀ ਕਹਾਣੀ ਦੇਣ ਦਾ ਸੀ, ਉਹਨਾਂ ਇਹ ਵੀ ਕਿਹਾ ਕਿ ਹੁਣ ਜਿੱਧਰ ਦੇਖੋ ਕ੍ਰਿਕਟ ਦਾ ਹੀ ਜ਼ੋਰ ਹੈ ਇੱਥੋਂ ਤੱਕ ਕਿ ਛੋਟੇ-ਛੋਟੇ ਪਿੰਡਾਂ ਵਿੱਚ ਵੀ ਲੋਕ ਕ੍ਰਿਕਟ ਖੇਡਣਾ ਹੀ ਪਸੰਦ ਕਰ ਰਹੇ ਹਨ ਅਜਿਹੇ ਮਾਹੌਲ ਵਿੱਚ ਸਾਡੀ ਖੇਡ ਕਬੱਡੀ ਕਿਤੇ ਨਾ ਕਿਤੇ ਮਨਫ਼ੀ ਹੁੰਦੀ ਜਾ ਰਹੀ ਸੀ ਤੇ ਜੇ ਕਿੱਧਰੇ ਕਬੱਡੀ ਦਾ ਨਾਂ ਆਉਂਦਾ ਵੀ ਹੈ ਤਾਂ ਉਹ ਵੀ ਜ਼ਿਆਦਾਤਰ ਸਾਡੇ ਪ੍ਰਵਾਸੀ ਵੀਰਾਂ ਦੁਆਰਾ ਕਬੱਡੀ ਲਈ ਕੀਤੇ ਯਤਨਾਂ ਸਦਕਾ ਹੀ ਆਉਂਦਾ ਹੈ। ਅਜਿਹੇ ਮਾਹੌਲ ਵਿੱਚ ਕਬੱਡੀ ਵਰਗੇ ਵਿਸ਼ੇ 'ਤੇ ਫ਼ਿਲਮ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਕਬੱਡੀ ਦੀ ਮਹਾਨਤਾ ਦਰਸਾਉਣ ਅਤੇ ਉਹਨਾਂ ਨੂੰ ਕਬੱਡੀ ਨਾਲ ਜੁੜਣ ਲਈ ਪ੍ਰੇਰਿਤ ਕਰਨ ਲਈ ਹੀ ਉਹਨਾਂ ਨੇ ਇਹ ਬੀੜਾ ਚੁੱਕਿਆ ਸੀ। ਇਸ ਫ਼ਿਲਮ ਵਿੱਚ ਉਹਨਾਂ ਨੇ ਕਬੱਡੀ ਦੇ ਸਭ ਪੱਖਾਂ ਤੇ ਗੱਲ ਕਰਨ ਦਾ ਯਤਨ ਕੀਤਾ ਹੈ, ਇੱਥੋਂ ਤੱਕ ਕਿ ਮੌਜੂਦਾ ਸਮੇਂ ਵਿੱਚ ਕਬੱਡੀ ਵਰਗੀ ਖੇਡ ਦੇ ਨਾਂ ਤੇ ਕੀ-ਕੀ ਗਲਤ ਹੋ ਰਿਹਾ ਹੈ ਅਤੇ ਕਬੱਡੀ ਨੂੰ ਅਜੋਕੇ ਸਮੇਂ ਵਿੱਚ ਕੀ ਦਰਪੇਸ਼ ਚੁਣੌਤੀਆਂ ਹਨ ਇਹਨਾਂ ਪੱਖਾਂ ਨੂੰ ਵੀ ਉਹਨਾਂ ਨੇ ਇਸ ਫ਼ਿਲਮ ਰਾਹੀਂ ਛੂਹਿਆ ਹੈ। ਉਹਨਾਂ ਕਿਹਾ ਕਿ ਅੱਜ ਇਸ ਹੱਦ ਤੱਕ ਪੰਜਾਬ ਵਿੱਚ ਨਸ਼ੇ ਵਧਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਇੱਥੋਂ ਤੱਕ ਕਿ ਅਸੀਂ ਆਪਣੀਆਂ ਪੁਰਾਤਨ ਖੇਡਾਂ ਤੋਂ ਵੀ ਪਾਸਾ ਵੱਟਦੇ ਜਾ ਰਹੇ ਹਾਂ ਤੇ ਸਿਆਣਿਆਂ ਦਾ ਕਥਨ ਹੈ ਕਿ ਜਦ ਤੱਕ ਤੁਸੀਂ ਆਪਣੀਆਂ ਜੜਾਂ ਨਾਲ ਜੁੜ ਕੇ ਨਹੀਂ ਰਹੋਗੇ ਉਦੋਂ ਤੱਕ ਤੁਸੀਂ ਵਿਕਾਸ ਨਹੀਂ ਕਰ ਸਕੋਗੇ। ਇਸ ਫ਼ਿਲਮ ਰਾਹੀਂ ਇਹ ਸੰਦੇਸ਼ ਦੇਣ ਦਾ ਵੀ ਯਤਨ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਕਬੱਡੀ ਨਾਲ ਜੁੜੋਗੇ ਤਾਂ ਆਪਣੇ ਆਪ ਹੀ ਨਸ਼ਿਆਂ ਦੀ ਮਾਰ ਤੋਂ ਬਚ ਜਾਓਗੇ।  
                             
ਆਪਣੇ ਵਿਸ਼ੇ ਸਦਕਾ ਸਮਾਜ ਨੂੰ ਉਸਾਰੂ ਸੇਧ ਦਿੰਦੀ ਅਤੇ ਕਬੱਡੀ ਵਰਗੀ ਖੇਡ 'ਤੇ ਆਧਾਰਿਤ ਹੋਣ ਕਰਕੇ ਇਸ ਫ਼ਿਲਮ ਤੋਂ ਦਰਸ਼ਕਾਂ ਨੂੰ ਬਹੁਤ ਆਸਾਂ ਹਨ। ਉਮੀਦ ਹੈ ਕਿ ਵਧੀਆ ਅਦਾਕਾਰਾਂ, ਵਧੀਆ ਸੰਗੀਤ ਅਤੇ ਉੱਤਮ ਤਕਨੀਕ ਦੁਆਰਾ ਤਿਆਰ ਹੋਈ ਇਹ ਫ਼ਿਲਮ ਜ਼ਰੂਰ ਹੀ ਪੰਜਾਬੀ ਫ਼ਿਲਮਾਂ ਦੇ ਇਤਿਹਾਸ ਵਿੱਚ ਆਪਣੀ ਕਾਮਯਾਬੀ ਸਦਕਾ ਆਪਣਾ ਨਾਂ ਦਰਜ ਕਰਵਾਏਗੀ। 
                           
ਹਰਿੰਦਰ ਭੁੱਲਰ
                           
ਫ਼ਿਰੋਜ਼ਪੁਰ
                           
ਮੋਬਾਇਲ-94640-08008
                           
-ਮੇਲ-harinderbhullar420@yahoo.com