Pages

Sunday, March 6, 2011

ਸਤਿੰਦਰ ਸਰਤਾਜ ਦੀ ਨਵੀਂ ਸੰਗੀਤਕ ਪਰਵਾਜ਼- ਚੀਰੇ ਵਾਲਾ ਸਰਤਾਜ


 ਸੁਰ ਅਤੇ ਸ਼ਬਦ ਦਾ ਸੁਮੇਲ ਸਤਿੰਦਰ ਸਰਤਾਜ ਅੱਜ ਭਾਰਤ ਦੇ ਹਰ ਇੱਕ ਰਾਜ ਅਤੇ ਦੁਨੀਆਂ ਦੇ ਹਰ ਇੱਕ ਭਾਗ ਵਿੱਚ ਪੰਜਾਬੀਆਂ ਵਿੱਚ ਸਭ ਤੋਂ ਵੱਧ ਸੁਣਿਆਂ ਤੇ ਮਾਣਿਆਂ ਜਾਣ ਵਾਲਾ ਗਾਇਕ ਹੈ। ਇਹ ਪੰਜਾਬੀ ਗਾਇਕੀ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੀ ਹੋਇਆ ਹੋਵੇਗਾ ਕਿ ਮਹਿਜ਼ ਇੱਕ ਟੇਪ ਨਾਲ ਹੀ ਇੱਕ ਗਵੱਈਆ ਗਾਇਕੀ ਦੇ ਸਿਖ਼ਰ ’ਤੇ ਪਹੁੰਚ ਜਾਵੇ। ਇਹ ਲੋਕਾਂ ਦੀ ਉਸ ਪ੍ਰਤੀ ਮੁਹੱਬਤ ਦਾ ਹੀ ਸਬੂਤ ਹੈ ਕਿ ਬੀਤੇ ਵਰ੍ਹੇ ਮਾਰਕੀਟ ਵਿੱਚ ਆਈ ਉਸਦੀ ਪਹਿਲੀ ਟੇਪ ‘ਸਰਤਾਜ’ ਨੇ ਪਾਇਰੇਸੀ ਦੇ ਇਸ ਯੁੱਗ ਵਿੱਚ ਵੀ ਵਿੱਕਰੀ ਪੱਖੋਂ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਇੱਕ ਮੋਟੇ ਜਿਹੇ ਅੰਦਾਜ਼ੇ ਮੁਤਾਬਿਕ ਉਸਦੀ ਇਸ ਟੇਪ ਦੀਆਂ ਹੁਣ ਤੱਕ ਢਾਈ ਲੱਖ ਦੇ ਕਰੀਬ ਅਸਲੀ ਸੀ ਡੀਜ਼ ਵਿਕ ਚੁੱਕੀਆਂ ਹਨ।
          ਇਸ ਐਲਬਮ ਦੀ ਇਤਿਹਾਸਕ ਸਫ਼ਲਤਾ ਤੋਂ ਲਗਭਗ ਇੱਕ ਵਰ੍ਹੇ ਬਾਅਦ ਉਹ ਇਹਨੀਂ ਦਿਨੀ ਸਪੀਡ ਰਿਕਾਰਡਜ਼ ਅਤੇ ਨਿਰਮਾਤਾ ਦਿਨੇਸ਼ ਦੀ ਪੇਸ਼ਕਸ਼ ਹੇਠ ਆਪਣੀ ਦੂਸਰੀ ਸੰਗੀਤਕ ਐਲਬਮ ‘ਚੀਰੇ ਵਾਲਾ ਸਰਤਾਜ’ ਲੈ ਕੇ ਹਾਜ਼ਰ ਹੋਇਆ ਹੈ ਜੋ ਇੱਕੋ ਵੇਲੇ ਪੂਰੀ ਦੁਨੀਆਂ ਵਿੱਚ ਰਿਲੀਜ਼ ਕੀਤੀ ਗਈ ਹੈ। ਆਰਥਿਕ ਮੰਦੀ ਨਾਲ ਜੂਝ ਰਹੀ ਸੰਗੀਤ ਸਨਅਤ ਲਈ ਇਹ ਗੱਲ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਜਾਪਦੀ ਕਿ ਇਹ ਐਲਬਮ ਰਿਲੀਜ਼ ਹੋਣ ਦੇ ਇੱਕ ਹਫ਼ਤੇ ਵਿੱਚ ਵਿੱਚ ਹੀ ਵਿੱਕਰੀ ਪੱਖੋਂ  50000 ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਸ ਐਲਬਮ ਦੀ ਮੰਗ ਅਤੇ ਪੂਰਤੀ ਵਿੱਚ ਸੰਤੁਲਨ ਕਾਇਮ ਰੱਖਣ ਲਈ ਕੰਪਨੀਂ ਨੂੰ ਦੋ-ਤਿੰਨ ਜਗ੍ਹਾ ਤੋਂ ਇਸ ਦਾ ਮਾਲ ਤਿਆਰ ਕਰਵਾਉਣਾ ਪੈ ਰਿਹਾ ਹੈ।
          ਸਰਤਾਜ ਦੀ ਇਸ ਐਲਬਮ ਵਿੱਚ ਉਸ ਦੁਆਰਾ ਰਚਿਤ ਕੁੱਲ 10 ਗੀਤ ਅਤੇ ਇੱਕ ਫ਼ਾਰਸੀ ਦਾ ਸ਼ੇਅਰ ਸ਼ਾਮਿਲ ਹੈ। ਇਸ ਐਲਬਮ ਵਿਚਲੇ ਗੀਤਾਂ ਨੂੰ ਇੱਕ ਵਾਰ ਫਿਰ ‘ਸਰਤਾਜ’ ਟੇਪ ਦੇ ਸੰਗੀਤਕਾਰ ਜਤਿੰਦਰ ਸ਼ਾਹ ਨੇ ਹੀ ਸੰਗੀਤਬੱਧ ਕੀਤਾ ਹੈ। ਟੇਪ ਦਾ ਟਾਈਟਲ ਗੀਤ ‘ਚੀਰੇ ਵਾਲਾ ਸਰਤਾਜ’ ਸਤਿੰਦਰ ਦਾ ਸਭ ਤੋਂ ਪਹਿਲਾ ਉਹ ਗੀਤ ਹੈ ਜਿਸ ਰਾਹੀਂ ਉਸਨੇ ਆਪਣੀ ਗੀਤਕਾਰੀ ਸਫ਼ਰ ਦਾ ਆਗਾਜ਼ ਕੀਤਾ ਸੀ। ਸ਼ਾਇਰੀ ਪੱਖੋਂ ਉੱਤਮ ਇਸ ਗੀਤ ਦੀਆਂ ਕੁਝ ਸਤਰਾਂ ਨਮੂਨੇ ਵਜੋਂ ਪੇਸ਼ ਹਨ-
       ਮੇਰਿਆ ਚੰਨਣਾਂ, ਚੰਨਣਾਂ ਵੇ ਦੱਸ ਤੂੰ ਕੀਕਣ ਮੰਨਣਾਂ
      ਕਾਹਤੋਂ ਲਾਈਆਂ ਨੇ ਦੇਰਾਂ ਵੇ ਮੈਂ ਅੱਥਰੂ ਪਈ ਕੇਰਾਂ
       ਤੈਨੂੰ ਵਾਜਾਂ ਪਈ ਮਾਰਾਂ ਮੇਰੀਆਂ ਮਿੰਨਤਾਂ ਹਜ਼ਾਰਾਂ
       ਪਾਣੀ ਰਾਵੀ ਦਾ ਵਗਦੈ ਤੇਰਾ ਚੇਤਾ ਵੀ ਠੱਗਦੈ
  ਤੇਰਾ ਚੀਰਾ ਰੰਗਵਾਵਾਂ ਬਣ ਕੇ ਸ਼ੀਸ਼ਾ ਬਹਿ ਜਾਵਾਂ ਤੇਰੇ ਸਾਹਵੇਂ ਓ ਚੰਨਣਾਂ
              ਇਸ ਗੀਤ ਦਾ ਕਲਾਤਮਕ ਵੀਡੀਓ ਉੱਘੇ ਵੀਡੀਓ ਨਿਰਦੇਸ਼ਕ ਕਲੌਸਿਸ ਦੁਆਰਾ ਨਿਰਦੇਸ਼ਤ ਕੀਤਾ ਹੈ ਜੋ ਕਿ ਅੱਜ-ਕੱਲ੍ਹ ਵੱਖ-ਵੱਖ ਚੈਨਲਾਂ ਉੱਪਰ ਦਰਸ਼ਕਾਂ ਨੂੰ ਨਜ਼ਰੀਂ ਪੈ ਰਿਹਾ ਹੈ।
              ਇਸ ਟੇਪ ਦੇ ਸਾਰੇ ਗੀਤ ਹੀ ਵੈਸੇ ਤਾਂ ਸਰਤਾਜ ਦੇ ਦਿਲ ਦੇ ਕਰੀਬ ਹਨ ਪਰ ਫਿਰ ਵੀ ਟੇਪ ਦਾ ਦੂਜਾ ਗੀਤ ‘ਦਿਲ ਸਭ ਦੇ ਵੱਖਰੇ’ ਉਸਨੂੰ ਬੇ-ਹੱਦ ਪਸੰਦ ਹੈ ਇਸ ਦਾ ਕਾਰਨ ਪੁੱਛਣ ’ਤੇ ਉਸਨੇ ਦੱਸਿਆ ਕਿ ਇੱਕ ਤਾਂ ਇਸ ਗੀਤ ਦੀ ਛੰਦਬੰਦੀ 72 ਕਲੀਆ ਛੰਦ ਵਰਗੀ ਹੈ ਤੇ ਦੂਜਾ ਗੀਤਕਾਰੀ ਦੇ ਵਿੱਚ ਇਹੋ ਜਿਹੇ ਵਿਚਾਰ ਉਸਤੋਂ ਵੀ ਕਦੇ ਘੱਟ ਹੀ ਲਿਖੇ ਗਏ ਹਨ।ਸੋ ਪੇਸ਼ ਹਨ ਇਸ ਗੀਤ ਦੀਆਂ ਕੁਝ ਸਤਰਾਂ-
     ਮੁੱਲ ਮੰਗਿਆ ਕਾਲਖ ਦਾ ਜਦੋਂ ਇਸ ਮੱਸਿਆ
    ਧਰੂ ਵੀ ਹੱਸਿਆ ਵੇਖ ਕੇ ਭਾਣਾ ਕੋਈ ਮਰ ਜਾਣਾ ਅੱਗੇ ਨੀਂ ਆਇਆ
    ਪਰਛਾਵੇਂ ਨੂੰ ਪੁੱਛਿਆ ਵੇ ਤੂੰ ਤਾਂ ਆ ਜਾ, ਵੇ ਸਾਥ ਨਿਭਾ ਜਾ
    ਤੇ ਅੱਗਿਉਂ ਉਸਨੇ ਜਵਾਬ ਸੁਣਾਇਆ
    ਸਾਡੀ ਕੀ ਹਸਤੀ ਜੀ, ਅਸੀਂ ਤਾਂ ਹਾਏ ਚਾਨਣ ਦੇ ਜਾਏ
    ਓਹਦੇ ਸੰਗ ਜੰਮੀਏਂ ਓਹਦੇ ਸੰਗ ਮਰੀਏ
ਦਿਲ ਸਭ ਦੇ ਵੱਖਰੇ ਜੀ ਕਿਸੇ ਦੀ ਲੋਰ, ਕਿਸੇ ਦਾ ਜ਼ੋਰ ਅਸੀਂ ਕੀ ਕਰੀਏ
              
        ਐਲਬਮ ਦੇ ਤੀਸਰੇ ਗੀਤ ‘ਦੌਲਤਾਂ’ ਰਾਹੀਂ ਉਹ ਇਨਸਾਨ ਨੂੰ ਜ਼ਿਹਨੀਂ ਤੌਰ ‘ਤੇ ਮਜ਼ਬੂਤ ਕਰਨ ਲਈ ਕੁਝ ਇਉਂ ਆਖਦਾ ਹੈ-

  ਜ਼ਿੰਦਗੀ ਦੀ ਘੋਲ  ਵੀ ਅਜੀਬ ਹੈ, ਸਦਾ ਈ ਸ਼ਰੀਫ਼ ਜਾਵੇ ਹਾਰਦਾ
  ਚਿੱਤ ਨਾ ਡੁਲਾਇਓ ਪਰ ਸੂਰਿਓ ਦੇਖਿਓ ਨਜ਼ਾਰਾ ਜਾਂਦੀ ਵਾਰ ਦਾ
  ਸੱਚ ਤੇ ਈਮਾਨ ਵਾਲੇ ਬੰਦੇ ਦੀ ਆਖਰਾਂ ਨੂੰ ਉੱਤੇ ਹੁੰਦੀ ਲੱਤ ਜੀ
ਬਾਕੀ ਤੁਸੀਂ ਮੇਰੇ ਤੋਂ ਸਿਆਣੇ ਓਂ ਮੈਂ ਤਾਂ ਇਹੀ ਕੱਢਿਆ ਏ ਤੱਤ ਜੀ
ਦੌਲਤਾਂ ਤਾਂ ਜੱਗ ‘ਤੇ ਬਥੇਰੀਆਂ ਪੈਸੇ ਤੋਂ ਜ਼ਰੂਰੀ ਹੁੰਦੀ ਪੱਗ ਜੀ
         ਉਸਦੀ ਇਸ ਐਲਬਮ ਦੇ ਹਰੇਕ ਗੀਤ ਵਿੱਚ ਮਨੋਰੰਜਨ ਦੇ ਨਾਲ-ਨਾਲ ਉਸਨੇ ਕੋਈ ਸੁਨੇਹਾ ਦੇਣ ਦਾ ਵੀ ਯਤਨ ਕੀਤਾ ਹੈ ਜਿਵੇਂ ਕਿ ਚੌਥੇ ਗੀਤ ‘ਆਦਮੀ’ ਰਾਹੀਂ ਉਹ ਇੱਕ ਅਸਲ ਇਨਸਾਨ ਦੀ ਤਸਵੀਰ ਇਉਂ ਪੇਸ਼ ਕਰਦਾ ਹੈ-
     ਜਿੰਨ੍ਹਾਂ ਦੁਨੀਆਂ ’ਤੇ ਉੱਚਾ-ਸੁੱਚਾ ਨਾਮਣਾ ਕਮਾਇਆ
     ਉਹਨਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ ’ਤੇ ਹੰਢਾਇਆ
     ਹਰ ਮੋੜ ਉੱਤੇ ਉਹਨਾਂ ਇਹੀ ਸਾਬਤ ਕਰਾਇਆ
   ਕਿ ਬੁੱਤ ਸੱਟਾਂ ਸਹਿ-ਸਹਿ ਕੇ ਹੀ ਤਰਾਸ਼ ਹੁੰਦਾ ਏ
   ਹਰ ਆਦਮੀ ‘ਚ ਹੁੰਦਾ ਇੱਕ ਨੇਕ ਇਨਸਾਨ
   ਹਰ ਆਦਮੀ ‘ਚ ਇੱਕ ਬਦਮਾਸ਼ ਹੁੰਦਾ ਏ
      ਐਲਬਮ ਦੇ ਪੰਜਵੇ ਗੀਤ ‘ਬਿਨਾਂ ਮੰਗਿਉਂ ਸਲਾਹ ਨਹੀਂ ਦੇਣੀ ਚਾਹੀਦੀ’ ਵਿੱਚ ਬਦੋ-ਬਦੀ ਖੜਪੈਂਚ ਬਣ ਕੇ ਆਪਣੀ ਸਲਾਹ ਦੇਣ ਵਾਲੇ ਲੋਕਾਂ ਨੂੰ ਉਹ ਇਉਂ ਸਮਝਾਉਂਦਾ ਹੈ---
     ਬਿਨਾਂ ਮੰਗਿਉਂ ਸਲਾਹ ਨੀਂ ਦੇਣੀ ਚਾਹੀਦੀ, ਕਦਰ ਐਦਾਂ ਘਟ ਜਾਂਦੀ ਏ
     ਐਵੇਂ ਰੋਜ਼ ਈ ਜੇ ਜਾ ਕੇ ਡੇਰੇ ਲਾ ਲਓ, ਇੱਜ਼ਤ ਹੋਣੋਂ ਹਟ ਜਾਂਦੀ ਏ
      
        ਆਪ ਦਸਤਾਰ ਧਾਰੀ ਹੋਣ ਕਾਰਨ ਉਹ ਦਸਤਾਰ ਦੀ ਅਹਿਮੀਅਤ ਭਲੀ-ਭਾਂਤ ਸਮਝਦਾ ਹੈ ਸ਼ਾਇਦ ਇਸੇ ਲਈ ਹੀ ਇਸ ਐਲਬਮ ਦੇ ਅੱਠਵੇਂ ਗੀਤ ‘ਦਸਤਾਰ’ ਦੇ ਇੱਕ ਪੈਰ੍ਹੇ ਵਿੱਚ ਉਹ ਉਸਾਰੂ ਸਮਾਜ ਦੀ ਸਿਰਜਣਾ ਹਿਤ ਆਪਣਾ ਸੁਨੇਹਾਂ ਕੁਝ ਇਸ ਤਰਾਂ ਦਿੰਦਾ ਹੈ-
     ਮੁਲਕ ਤਰੱਕੀ ਦੇ ਰਾਹ ਤੁਰਿਆ ਹੁਣ ਨਾ ਗੱਡੀ ਰੋਕ ਦਿਓ
     ਕੀਮਤ ਬੜੀ ਜਵਾਨੀ ਦੀ ਐਵੇਂ ਨਾ ਭੱਠੀ ਝੋਕ ਦਿਓ
    ਨਸ਼ਿਆਂ ਤੋਂ ਪਰਹੇਜ਼ ਕਰ ਲਿਓ ਇਹੀ ਵਜ੍ਹਾ ਤਬਾਹੀ ਦੀ
 ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀਂ ਲਾਹੀਦੀ ਜੇ ਖ਼ੁਦ ਚਾਹੀਏ ਸਤਿਕਾਰ
       ਇਸ ਗੀਤ ਦੇ ਸ਼ੁਰੂ ਵਿੱਚ ਪੇਸ਼ ਕੀਤਾ ਉਸ ਦੁਆਰਾ ਰਚਿਤ ਫ਼ਾਰਸੀ ਦਾ ਸ਼ੇਅਰ ‘ਦਸਤੂਰ-ਏ-ਦਸਤਾਰ’ ਸੋਨੇ ‘ਤੇ ਸੁਹਾਗੇ ਦੀ ਤਰ੍ਹਾਂ ਇਸ ਦੀ ਖ਼ੂਬਸੂਰਤੀ ਵਿੱਚ ਹੋਰ ਵੀ ਵਾਧਾ ਕਰਦਾ ਹੈ।
             ਐਲਬਮ ਦਾ ਨੌਂਵਾਂ ਗੀਤ ‘ਯਾਮ੍ਹਾ’ ਅਤੇ ਦਸਵਾਂ ਗੀਤ ‘ਮੋਤੀਆ ਚਮੇਲੀ’ ਉਸਦੇ ਉਹ ਦੋ ਗੀਤ ਹਨ ਜੋ ਉਸਦੀ ਹਰ ਸਟੇਜ ਦਾ ਸ਼ਿੰਗਾਰ ਹਨ। ਜਿਸ ਬਿਨਾਂ ਉਹ ਆਪਣੀ ਹਰ ਸਟੇਜ ਅਧੂਰੀ ਮੰਨਦਾ ਹੈ ਇਸ ਲਈ ਇਹਨਾਂ ਦੋ ਗੀਤਾਂ ਨੂੰ ਉਸਨੇ ਉਚੇਚੇ ਤੌਰ ‘ਤੇ ਆਪਣੀ ਇਸ ਟੇਪ ਵਿੱਚ ਸ਼ਾਮਲ ਕੀਤਾ ਹੈ।
         ਅਜੋਕੇ ਮਾਹੌਲ ਵਿੱਚ ਜਦ ਹਰ ਪਾਸੇ ਹਲਕੀ ਸ਼ਬਦਾਵਲੀ ਵਾਲੇ ਸੁਰ ਵਿਹੂਣੇ ਗੀਤ ਸੁਣਨ ਨੂੰ ਮਿਲ ਰਹੇ ਹਨ ਅਜਿਹੇ ਸਮੇ ਵਿੱਚ ਸਤਿੰਦਰ ਸਰਤਾਜ ਦੀ ਸਭ ਪੱਖੋਂ ਸੰਪੂਰਨ ਇਸ ਟੇਪ ਨੂੰ ਸੁਣਨਾ ਸਹੀ ਅਰਥਾਂ ਵਿੱਚ ਸਕੂਨ ਦਿੰਦਾ ਹੈ। ਆਸ ਕਰਨੀਂ ਬਣਦੀ ਹੈ ਕਿ ਸਰਤਾਜ ਦੀ ਇਹ ਐਲਬਮ ਉਸਦੀ ਪਹਿਲਾਂ ਰਿਲੀਜ਼ ਹੋਈ ਐਲਬਮ ‘ਸਰਤਾਜ’ ਤੋਂ ਵੀ ਦੋ ਕਦਮ ਅੱਗੇ ਜਾ ਕੇ ਉਸਦੇ ਸੰਗੀਤਕ ਸਫ਼ਰ ਦਾ ਇੱਕ ਯਾਦਗਾਰੀ ਮੀਲ-ਪੱਥਰ ਸਾਬਤ ਹੋਵੇਗੀ।
                        ਹਰਿੰਦਰ ਭੁੱਲਰ
                    ਫ਼ਿਰੋਜ਼ਪੁਰ
                    ਮੋਬਾਇਲ-94640-08008
                 ਈ-ਮੇਲ- harinderbhullar420@yahoo.com