Pages

Wednesday, December 14, 2011

ਸੰਨ 2012 ਬਾਰੇ ਲੋਕਾਂ ਦੇ ਵਹਿਮ ਨੂੰ ਦੂਰ ਕਰਦੀ ਹੈ -ਫ਼ੈਮਲੀ-427


                                    ਆਪਣੀ ਵੱਖਰੀ ਤਰਾਂ ਦੀ ਕਾਮੇਡੀ ਰਾਹੀਂ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਅਦਾਕਾਰ ਗੁਰਚੇਤ ਚਿੱਤਰਕਾਰ ਦੇ ਨਾਮ ਤੋਂ ਅੱਜ ਹਰ ਪੰਜਾਬੀ ਭਲੀ-ਭਾਂਤ ਵਾਕਫ਼ ਹੈ। ਟੈਲੀ ਫ਼ਿਲਮ ‘ਫ਼ੌਜੀ ਦੀ ਫ਼ੈਮਲੀ’ ਰਾਹੀਂ ਸ਼ੁਰੂ ਹੋਇਆ ਉਸਦਾ ਫ਼ਿਲਮੀ ਸਫ਼ਰ ਅੱਜ ਆਪਣੇ ਭਰ ਜੋਬਨ ’ਤੇ ਹੈ। ਵੀ.ਸੀ.ਡੀ. ਫ਼ਿਲਮਾਂ ਦੇ ਖੇਤਰ ਵਿੱਚ ਉਸ ਵੱਲੋਂ ਸ਼ੁਰੂ ਕੀਤੀ ਗਈ ‘ਫ਼ੈਮਲੀ ਲੜੀ’ ਦੀਆਂ ਫ਼ਿਲਮਾਂ ਨੂੰ ਦੇਸ਼-ਵਿਦੇਸ਼ ਦੇ ਦਰਸ਼ਕ ਹਰ ਵਾਰ ਬੜੀ ਬੇਸਬਰੀ ਨਾਲ ਉਡੀਕਦੇ ਹਨ।ਉਸਦੀ ਹਰ ਫ਼ਿਲਮ ਜਿੱਥੇ ਲੋਕਾਂ ਨੂੰ ਹਾਸੇ ਦੇ ਕੁਝ ਪਲ ਪ੍ਰਦਾਨ ਕਰਦੀ ਹੈ ਉਥੇ ਨਾਲ ਦੀ ਨਾਲ ਹੀ ਉਸਦੀਆਂ ਇਹਨਾਂ ਫ਼ਿਲਮਾਂ ਵਿੱਚ ਕੋਈ ਨਾ ਕੋਈ ਸਮਾਜਿਕ ਸੁਨੇਹਾ ਵੀ ਜ਼ਰੂਰ ਹੁੰਦਾ ਹੈ। 
                ਇਸ ਵਾਰ ਉਹ ਬਬਲੀ ਸਿੰਘ ਦੀ ਪੇਸ਼ਕਸ਼ ਹੇਠ ਸ਼ੀਮਾਰੂ ਕੰਪਨੀ ਵਿੱਚ ਆਪਣੀ ਇਸੇ ‘ਫ਼ੈਮਲੀ ਲੜੀ’ ਦੀ ਨਵੀਂ ਕਾਮੇਡੀ ਫ਼ਿਲਮ ‘ਫ਼ੈਮਲੀ-427’ ‘2012 ਐਂਡ ਆਫ਼ ਦਾ ਵਰਲਡ’ ਲੈ ਕੇ ਹਾਜ਼ਰ ਹੋਇਆ ਹੈ ਜੋ ਕਿ ਪੂਰੀ ਦੁਨੀਆਂ ਵਿੱਚ ਲੋਕਾਂ ਵੱਲੋਂ ਸੰਨ 2012 ਦੇ ਬਾਰੇ ਫ਼ੈਲਾਈ ਗਈ ਅਫ਼ਵਾਹ ਬਾਰੇ ਗੱਲ ਕਰਦੀ ਹੈ। ਇਸ ਫ਼ਿਲਮ ਰਾਹੀਂ ਗੁਰਚੇਤ ਨੇ ਆਮ ਲੋਕਾਂ ਨੂੰ ਸੁਨੇਹਾ ਦੇਣ ਦਾ ਯਤਨ ਕੀਤਾ ਹੈ ਕਿ 2012 ਵਿੱਚ ਕੋਈ ਦੁਨੀਆਂ ਖ਼ਤਮ ਨਹੀਂ ਹੋਣੀ ਬਲਕਿ ਦੁਨੀਆਂ ਤਾਂ ਉਦੋਂ ਖ਼ਤਮ ਹੋਵੇਗੀ ਜੇਕਰ ਅਸੀਂ ਕੁਦਰਤ ਨਾਲ ਛੇੜ-ਛਾੜ ਕਰਨੋਂ ਨਾ ਹਟੇ। ਜੇਕਰ ਅਸੀਂ ਰੁੱਖਾਂ ਨੂੰ ਇਸੇ ਤਰਾਂ ਵੱਢਣੋਂ ਨਾ ਹਟੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਚਮੁੱਚ ਹੀ ਧਰਤੀ ਤੋਂ ਮਨੁੱਖਤਾ ਖ਼ਤਮ ਹੋ ਜਾਵੇਗੀ। 
                   ਫ਼ਿਲਮ ਵਿੱਚ ਸਾਰੀ ‘ਫ਼ੈਮਲੀ’ ਇੱਕ ਦਿਨ ‘2012’ ਬਾਰੇ ਬਣਾਈ ਗਈ ਹਾਲੀਵੁੱਡ ਦੀ ਇੱਕ ਫ਼ਿਲਮ ਦੇਖ ਲੈਂਦੀ ਹੈ ਜਿਸਨੂੰ ਦੇਖ ਕੇ ਉਹਨਾਂ ਨੂੰ ਲੱਗਣ ਲੱਗ ਜਾਂਦਾ ਹੈ ਕਿ ਹੁਣ ਤਾਂ ਦੁਨੀਆਂ ਦਾ ਅੰਤ ਨੇੜੇ ਹੀ ਹੈ ਇਸ ਲਈ ਪੂਰੀ ਤਰਾਂ ਨਜ਼ਾਰੇ ਲੈ ਲਏ ਜਾਣ। ਉਹਨਾਂ ਦੀ ਇਸੇ ਸੋਚ ਕਾਰਨ ਹੀ ਬੜੀਆਂ ਰੌਚਕ ਤੇ ਹਾਸੇ ਵਾਲੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਨੂੰ ਦੇਖ ਕੇ ਦਰਸ਼ਕ ਹੱਸ-ਹੱਸ ਕੇ ਲੋਟ-ਪੋਟ ਹੋ ਜਾਣਗੇ ਪਰ ਅੰਤ ਵਿੱਚ 2012 ਦੀ ਅਸਲੀਅਤ ਬਾਰੇ ਵੀ ਬੜੇ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ। ਬੜੇ ਅਹਿਮ ਵਿਸ਼ੇ ਨੂੰ ਲੈ ਕੇ ਬਣਾਈ ਗਈ ਇਸ ਫ਼ਿਲਮ ਦੀ ਕਹਾਣੀ ਤੇ ਸੰਵਾਦ ਹਰ ਵਾਰ ਦੀ ਤਰਾਂ ਗੁਰਚੇਤ ਚਿੱਤਰਕਾਰ ਨੇ ਹੀ ਲਿਖੇ ਹਨ ਤੇ ਇਸ ਨੂੰ ਕੈਮਰੇ ਰਾਹੀਂ ਫ਼ਿਲਮਾਉਣ ਦਾ ਕੰਮ ਅਭਿਸ਼ੇਕ ਦੁਆਰਾ ਕੀਤਾ ਗਿਆ ਹੈ। ਫ਼ਿਲਮ ਨੂੰ ਦੇਖ ਕੇ ਇਸ ਦੇ ਐਡੀਟਰ ਰੀਗਨ ਦਾਦੂ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ ਜਿਸ ਨੇ ਇਸ ਫ਼ਿਲਮ ਨੂੰ ਕਿਸੇ ਹਾਲੀਵੁੱਡ ਦੀ ਫ਼ਿਲਮ ਵਾਂਗ ਸੰਪਾਦਤ ਕੀਤਾ ਹੈ। ਫ਼ਿਲਮ ਨੂੰ ਸੰਗੀਤਕ ਰੰਗ ਨਾਲ ਸੰਗੀਤਕਾਰ ਰਾਜਵਿੰਦਰ ਮੁੰਬਈ ਨੇ ਰੰਗਿਆ ਤੇ ਇਸਦਾ ਨਿਰਦੇਸ਼ਨ ਉੱਘੇ ਰੰਗ ਕਰਮੀ ਜਗਦੀਪ ਜੱਗੀ ਦੁਆਰਾ ਕੀਤਾ ਹੈ।
            ਫ਼ਿਲਮ ਵਿੱਚ ਗੁਰਚੇਤ ਚਿੱਤਰਕਾਰ ਤੋਂ ਇਲਾਵਾ ਗੁਰਦੀਪ ਕਕਰਾਲਾ, ਪ੍ਰਕਾਸ਼ ਗਾਧੂ, ਜੱਗੀ ਧੂਰੀ, ਡਾ| ਵੰਦਨਾ ਭੁੱਲਰ, ਗਗਨ ਗਿੱਲ, ਦਮਨਦੀਪ ਸੰਧੂ, ਸਤਿੰਦਰ ਕੌਰ, ਹੈਪੀ (ਜੀਤ ਪੈਂਚਰ), ਮਿੰਟੂ ਜੱਟ, ਮਾਤਾ ਬਲਬੀਰ ਕੌਰ ਅਤੇ ਹਰਿੰਦਰ ਭੁੱਲਰ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਅਜੋਕੀ ਤੇਜ਼-ਤਰਾਰ ਜ਼ਿੰਦਗੀ ਵਿੱਚ ਲੋਕਾਂ ਨੂੰ ਮਨੋਰੰਜਨ ਦੇ ਨਾਲ ਨਾਲ ਉਸਾਰੂ ਸੇਧ ਦੇਣ ਲਈ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕਰਨ ਲਈ ਗੁਰਚੇਤ ਚਿੱਤਰਕਾਰ ਅਤੇ ਉਸਦੀ ਸਾਰੀ ‘ਫ਼ੈਮਿਲੀ’ ਟੀਮ ਨੂੰ ਸ਼ਾਬਾਸ਼ ਦੇਣੀ ਬਣਦੀ ਹੈ।
                                           ਹਰਿੰਦਰ ਸਿੰਘ ਭੁੱਲਰ
                                           ਫ਼ਿਰੋਜ਼ਪੁਰ
                                    ਮੋਬਾਇਲ-94640-08008
                        ਈ-ਮੇਲ-harinderbhullar420@yahoo.com