Pages

Wednesday, October 6, 2010

'ਮੇਲ ਕਰਾ ਦੇ ਰੱਬਾ' ਤੋਂ ਬਾਅਦ ਸਰੋਤਿਆਂ ਨੂੰ ਮਿਲਣ ਆ ਰਿਹੈ--ਦੇਸੀ ਰੌਕ ਸਟਾਰ




          ਗਿੱਪੀ ਗਰੇਵਾਲ ਸੰਗੀਤਕ ਸੂਝ-ਬੂਝ ਰੱਖਣ ਵਾਲਾ ਇੱਕ ਅਜਿਹਾ ਗਾਇਕ ਹੈ ਜਿਸ 'ਤੇ ਕਿਸਮਤ ਪੂਰੀ ਤਰਾਂ ਮਿਹਰਬਾਨ ਹੈ। ਅੱਜ ਤੋਂ 6 ਕੁ ਵਰ੍ਹੇ ਪਹਿਲਾਂ ਸਭ ਹੱਟੀਆਂ-ਭੱਠੀਆਂ 'ਤੇ ਵੱਜਿਆ ਉਸਦਾ ਗੀਤ 'ਪਾਵੇਂ ਫ਼ੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ 'ਤੇ ਪਾ ਦੇ ਮੋਰਨੀ' ਲਗਭਗ ਹਰ ਪੰਜਾਬੀ ਦੇ ਕੰਨਾਂ ਲਈ ਨਾ ਸਿਰਫ਼ ਜਾਣਿਆਂ ਪਹਿਚਾਣਿਆਂ ਗੀਤ ਹੈ ਬਲਕਿ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਵਾਰ ਮਾਣਿਆ ਜਾਣ ਵਾਲਾ ਗੀਤ ਹੈ। ਇਹ ਉਹ ਗੀਤ ਸੀ ਜਿਸਨੇ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਕੂੰਮ ਕਲਾਂ ਦੇ ਇਸ ਸੋਹਣੇ ਸੁਨੱਖੇ ਮੁੰਡੇ ਨੂੰ ਰਾਤੋ-ਰਾਤ ਪੂਰੀ ਦੁਨੀਆਂ ਵਿੱਚ ਇੱਕ ਗਾਇਕ ਵਜੋਂ ਮਕਬੂਲ ਕਰ ਦਿੱਤਾ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਇਹ ਗਿੱਪੀ ਗਰੇਵਾਲ ਦੀ ਗਾਇਕ ਵਜੋਂ ਪਹਿਲੀ ਨਹੀਂ ਬਲਕਿ ਤੀਜੀ ਟੇਪ ਸੀ। ਪੰਜਾਬੀ ਗਾਇਕੀ ਦੇ ਖੇਤਰ ਵਿੱਚ ਤਾਂ ਉਸਨੇ ਸੰਨ 2000 ਵਿੱਚ ਆਨੰਦ ਸੰਗੀਤ ਕੰਪਨੀ ਵਿੱਚ ਆਈ ਟੇਪ 'ਚੱਕ ਲੈ' ਰਾਹੀਂ ਪੈਰ ਧਰਿਆ ਸੀ ਪਰ ਉਸਦੀ ਅਸਲ ਗੱਲ ਫ਼ਾਈਨਟੋਨ ਸੰਗੀਤ ਕੰਪਨੀ ਦੁਆਰਾ ਰਿਲੀਜ਼ ਕੀਤੀ ਗਈ ਇਸ ਤੀਜੀ ਟੇਪ 'ਮੇਲੇ ਮਿੱਤਰਾਂ ਦੇ' ਰਾਹੀਂ ਹੀ ਬਣੀ ਸੀ। ਇਸ ਟੇਪ ਦੀ ਸਫ਼ਲਤਾ ਤੋਂ ਬਾਅਦ ਫਿਰ ਉਸਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਟੇਪ ਦਰ ਟੇਪ ਉਸਦੀ ਲੋਕਪ੍ਰਿਯਤਾ ਦਾ ਗ੍ਰਾਫ਼ ਵਧਦਾ ਹੀ ਗਿਆ ਪਹਿਲਾਂ 'ਫ਼ੁਲਕਾਰੀ-2' ਅਤੇ ਫਿਰ 'ਅੱਖ ਲੜ ਗਈ' ਰਾਹੀਂ ਉਹ ਪਹਿਲੀ ਕਤਾਰ ਦੇ ਗਾਇਕਾਂ ਵਿੱਚ ਗਿਣਿਆਂ ਜਾਣ ਲੱਗਾ। ਇਸ ਉਪਰੰਤ ਉਸ ਦੀਆਂ ਆਈਆਂ ਟੇਪਾਂ 'ਚਾਂਦੀ ਦੇ ਛੱਲੇ' ਵਿਚਲੇ ਗੀਤ 'ਅਧੀਏ ਦਾ ਨਸ਼ਾ ਚੜ੍ਹ ਗਿਆ' ਅਤੇ ਯੁੱਧਵੀਰ ਮਾਣਕ ਨਾਲ 'ਯੰਗਸਟਰ' ਵਿਚਲੇ ਗੀਤ 'ਜਦੋਂ ਕਿਸੇ ਗੱਭਰੂ 'ਤੇ ਦਿਲ ਗਿਆ, ਆਪੇ ਪਤਾ ਲੱਗਜੂ ਕੀ ਹੁੰਦਾ ਪਿਆਰ ਨੀਂ' ਨੇ ਕੁੱਲ ਦੁਨੀਆਂ ਨੂੰ ਆਪਣੇ ਰੰਗ ਵਿੱਚ ਰੰਗ ਲਿਆ। ਪਿੱਛੇ ਜਿਹੇ ਰਿਲੀਜ਼ ਹੋਈ ਉਸਦੀ ਟੇਪ 'ਮਾਈ ਟਾਈਮ ਟੂ ਸ਼ਾਈਨ' ਵਿਚਲੇ ਗੀਤਾਂ 'ਰੱਖ ਹੌਂਸਲਾ ਨੀਂ ਬਿੱਲੋ ਰੱਖ ਹੌਂਸਲਾ ਦੇਖ ਲਊਗਾ ਯਾਰ ਤੇਰਾ ਕੱਲੇ-ਕੱਲੇ ਨੂੰ' ਅਤੇ 'ਹਾਲਾਤ' ਨੇ ਉਸਦੀ ਇੱਕ ਗਾਇਕ ਵਜੋਂ ਦਿੱਖ ਨੂੰ ਹੋਰ ਵੀ ਸੰਵਾਰਿਆ ਹੈ। 
                         
ਉਸਦੀਆਂ ਇਹਨਾਂ ਪ੍ਰਾਪਤੀਆਂ ਵਿੱਚ ਵਾਧਾ ਉਦੋਂ ਹੋਇਆ ਜਦ ਉੱਘੇ ਫ਼ਿਲਮਸਾਜ਼ ਨਵਨੀਅਤ ਸਿੰਘ ਨੇ ਅਦਾਕਾਰ ਜਿੰਮੀ ਸ਼ੇਰਗਿੱਲ ਨਾਲ ਉਸਨੂੰ ਸਹਿ-ਹੀਰੋ ਲੈ ਕੇ 'ਮੇਲ ਕਰਾ ਦੇ ਰੱਬਾ' ਵਰਗੀ ਫ਼ਿਲਮ ਸੁਪਰਹਿੱਟ ਫ਼ਿਲਮ ਦਾ ਨਿਰਮਾਣ ਕੀਤਾ। ਇਸ ਫ਼ਿਲਮ ਵਿੱਚ ਉਸਨੇ ਆਪਣੀ ਅਦਾਕਾਰੀ ਰਾਹੀਂ ਇਹ ਦਰਸਾ ਦਿੱਤਾ ਹੈ ਕਿ ਉਹ ਇਸ ਖੇਤਰ ਵਿੱਚ ਵੀ ਉਹ ਮਹਿਜ਼ ਸ਼ੌਂਕੀਆ ਨਹੀਂ ਬਲਕਿ ਇੱਕ ਸਫ਼ਲ ਪਾਰੀ ਖੇਡਣ ਦੇ ਦ੍ਰਿੜ ਇਰਾਦੇ ਨਾਲ ਆਇਆ ਹੈ। ਇਸ ਫ਼ਿਲਮ ਤੋਂ ਬਾਅਦ ਅਕਤੂਬਰ ਦੇ ਅੰਤ ਵਿੱਚ ਉਸਦੀ ਹੀਰੋ ਵਜੋਂ ਅਗਲੀ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਜਾ ਰਹੀ ਹੈ ਜਿਸ ਵਿੱਚ ਉਸ ਨਾਲ ਦੂਜੇ ਹੀਰੋ ਵਜੋਂ ਗਾਇਕ ਦਿਲਜੀਤ ਨਜ਼ਰੀਂ ਆਵੇਗਾ ਅਤੇ ਹੀਰੋਇਨ ਦਾ ਕਿਰਦਾਰ ਨੀਰੂ ਬਾਜਵਾ ਨਿਭਾ ਰਹੀ ਹੈ।
                       
ਆਪਣੀ ਦੂਜੀ ਫ਼ਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਉਹ ਇਹਨੀਂ ਦਿਨੀਂ ਆਪਣੀ ਨਵੀਂ ਸੰਗੀਤਕ ਐਲਬਮ 'ਦੇਸੀ ਰੌਕ ਸਟਾਰ' ਲੈ ਕੇ ਹਾਜ਼ਰ ਹੋ ਰਿਹਾ ਹੈ। ਸਪੀਡ ਰਿਕਾਰਡਜ਼ ਵਿੱਚ ਦਿਨੇਸ਼ ਦੀ ਪੇਸ਼ਕਸ਼ ਹੇਠ ਰਹੀ ਇਸ ਐਲਬਮ ਦਾ ਸੰਗੀਤ ਇੰਗਲੈਂਡ ਵੱਸਦੇ ਚਰਿਚਤ ਸੰਗੀਤਕਾਰ ਅਮਨ ਹੇਅਰ ਦੁਆਰਾ ਤਿਆਰ ਕੀਤਾ ਗਿਆ ਹੈ। ਟੇਪ ਵਿੱਚ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਕੁੱਲ 10 ਗੀਤ ਹਨ ਜਿੰਨ੍ਹਾਂ ਨੂੰ ਗੀਤਕਾਰ ਇੰਦਾ ਰਾਏਕੋਟੀ, ਜਗਦੇਵ ਮਾਨ, ਸੱਤੀ ਸਮਰਾ, ਵੀਤ ਬਲਜੀਤ ਅਤੇ ਜਿੱਤ ਸਲਾਲਾ ਦੁਆਰਾ ਰਚਿਆ ਗਿਆ ਹੈ। ਟੇਪ ਵਿਚਲੇ ਤਿੰਨ ਬਿਹਤਰੀਨ ਗੀਤਾਂ ਦੇ ਵੀਡੀਓਜ਼ ਬਣ ਕੇ ਤਿਆਰ ਹੋ ਚੁੱਕੇ ਹਨ ਜਿੰਨ੍ਹਾਂ ਨੂੰ ਉੱਘੇ ਵੀਡੀਓ ਅਤੇ ਫ਼ਿਲਮ ਨਿਰਦੇਸ਼ਕ ਬਲਜੀਤ ਸਿੰਘ ਦਿਓ ਤੇ ਰਿੰਪੀ ਪ੍ਰਿੰਸ ਨੇ ਨਿਰਦੇਸ਼ਤ ਕੀਤਾ ਹੈ। ਆਪਣੀ ਇਸ ਟੇਪ ਨੂੰ ਲੈ ਕੇ ਵੀ ਉਹ ਕਾਫ਼ੀ ਖ਼ੁਸ਼ ਅਤੇ ਉਤਸ਼ਾਹਿਤ ਨਜ਼ਰ ਰਿਹਾ ਹੈ। ਉਸ ਅਨੁਸਾਰ ਉਸ ਨੇ ਆਪਣੀ ਇਸ ਟੇਪ ਨੂੰ ਬਿਹਤਰ ਦਰ ਬਿਹਤਰ ਬਣਾਉਣ ਲਈ ਬਹੁਤ ਮਿਹਨਤ ਕੀਤੀ ਹੈ ਇਸ ਲਈ ਇਸ ਵਿਚਲੇ ਗੀਤ ਸਭ ਵਰਗ ਦੇ ਸਰੋਤਿਆਂ ਨੂੰ ਜ਼ਰੂਰ ਹੀ ਪਸੰਦ ਆਉਣਗੇ। ਇਸ ਟੇਪ ਨੂੰ ਪੂਰੀ ਦੁਨੀਆਂ ਵਿੱਚ ਇੱਕੋ ਵੇਲੇ ਰਿਲੀਜ਼ ਕੀਤਾ ਜਾ ਰਿਹਾ ਹੈ, ਇਸ ਤੋਂ ਇਲਾਵਾ ਇਹ ਪਹਿਲੀ ਪੰਜਾਬੀ ਐਲਬਮ ਹੈ ਜੋ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਟੇਪ ਨੂੰ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਰਿਲੀਜ਼ ਕਰਨ ਦੇ ਅਧਿਕਾਰ ਡ੍ਰੀਮਜ਼ ਵਰਲਡ ਕੋਲ ਹਨ ਜੋ ਪੂਰੀ ਸ਼ਾਨੋ-ਸ਼ੌਕਤ ਨਾਲ ਇਸ ਨੂੰ ਰਿਲੀਜ਼ ਕਰਨ ਦੀਆਂ ਤਿਆਰੀਆਂ ਕੱਸੀ ਬੈਠੇ ਹਨ। ਆਸ ਹੈ 'ਮੇਲ ਕਰਾ ਦੇ ਰੱਬਾ' ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਗਿੱਪੀ ਗਰੇਵਾਲ ਦੀ ਇਹ ਸੰਗੀਤਕ ਐਲਬਮ ਵੀ ਸਰੋਤਿਆਂ ਦੀ ਉਮੀਦ 'ਤੇ ਖਰੀ ਉਤਰੇਗੀ।
                                                   
ਹਰਿੰਦਰ ਭੁੱਲਰ
                                                   
ਫ਼ਿਰੋਜ਼ਪੁਰ
                                                   
ਮੋਬਾਇਲ-94640-08008
                                         
-ਮੇਲ-harinderbhullar420@yahoo.com

No comments:

Post a Comment