Pages

Monday, August 1, 2011

‘ਜੀਹਨੇ ਮੇਰਾ ਦਿਲ ਲੁੱਟਿਆ’ ਨੇ ਤੋੜੇ ਸਭ ਰਿਕਾਰਡ


                   ਬੀਤੇ ਵਰ੍ਹੇ ਦੀ ਸੁਪਰਹਿੱਟ ਫ਼ਿਲਮ ‘ਮੇਲ ਕਰਾ ਦੇ ਰੱਬਾ’ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਟਿਪਸ ਤੇ ਨਿਰਮਾਤਾ ਰਾਜਨ ਬੱਤਰਾ ਅਤੇ ਵਿਵੇਕ ਓਹਰੀ ਨਾਲ ਬਤਰਾ ਸ਼ੋਅਬਿਜ਼ ਦੀ ਪੇਸ਼ਕਸ਼ ਹੇਠ ਬੀਤੀ 29 ਜੁਲਾਈ ਨੂੰ ਰਿਲੀਜ਼ ਹੋਈ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਆਪਣੀ ਰਿਲੀਜ਼ਿੰਗ ਦੇ ਸਿਰਫ਼ ਤਿੰਨ ਦਿਨਾਂ ਅੰਦਰ ਪੰਜਾਬੀ ਫ਼ਿਲਮਾਂ ਦੇ ਪਿਛਲੇ ਸਭ ਰਿਕਾਰਡ ਤੋੜ ਕੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਵੱਲ ਵਧ ਰਹੀ ਹੈ। ਇਸ ਫ਼ਿਲਮ ਨੇ ਕਿਸੇ ਵੀ ਪੰਜਾਬੀ ਫ਼ਿਲਮ ਦੇ ਹੁਣ ਤੱਕ ਦੇ `ਓਪਨਿੰਗ` ਦੇ ਸਭ ਰਿਕਾਰਡ ਮਾਤ ਪਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਆਪਣੀ ਰਿਲੀਜ਼ਿੰਗ ਦੇ ਤਿੰਨ ਦੇ ਅੰਦਰ ਇਸ ਫ਼ਿਲਮ ਨੇ ਇਕੱਲੇ ਪੰਜਾਬ ਵਿੱਚ ਹੀ ਕੁੱਲ 1 ਕਰੋੜ 39 ਲੱਖ ਦਾ ਬਿਜ਼ਨਸ ਕਰ ਲਿਆ ਹੈ, ਓਵਰਸੀਜ਼ ਦੀ ਗੱਲ ਤਾਂ ਪਤਾ ਨਹੀਂ ਅਜੇ ਕੀ ਹੋਵੇਗੀ। ਨੌਜਵਾਨ ਪੀੜ੍ਹੀ ਲਈ ਖਾਸ ਤੌਰ ’ਤੇ ਬਣਾਈ ਗਈ ਇਸ ਫ਼ਿਲਮ ਨੂੰ ਵੇਖਣ ਲਈ ਜਿਵੇਂ ਸਾਰਾ ਪੰਜਾਬ ਹੀ ਉੱਮੜ ਪਿਆ ਹੈ। ਹਰ ਸਿਨੇਮਾ ਘਰ ਵਿੱਚ ਟਿਕਟਾਂ ਲਈ ਮਾਰਾ-ਮਾਰੀ ਹੋ ਰਹੀ ਹੈ ਤੇ ਹਰ ਸ਼ੋਅ ਹਾਊਸ ਫ਼ੁੱਲ ਜਾ ਰਿਹਾ ਹੈ। 
          ਉੱਘੇ ਨਿਰਦੇਸ਼ਕ ਮਨਮੋਹਨ ਸਿੰਘ ਅਤੇ ਨਵਨੀਅਤ ਸਿੰਘ ਦੇ ਸਹਾਇਕ ਰਹਿ ਚੁੱਕੇ ਨੌਜਵਾਨ ਨਿਰਦੇਸ਼ਕ ਮਨਦੀਪ ਕੁਮਾਰ ਦੀ ਨਿਰਦੇਸ਼ਨਾ ਹੇਠ ਤਿਆਰ ਹੋਈ ਇਸ ਫ਼ਿਲਮ ਵਿੱਚ ਨੌਜਵਾਨਾਂ ਦੇ ਚਹੇਤੇ ਗਾਇਕ ਗਿੱਪੀ ਗਰੇਵਾਲ ਅਤੇ ਦਿਲਜੀਤ ਦੁਸਾਂਝ ਬਤੌਰ ਹੀਰੋ ਅਤੇ ਹੀਰੋਇਨ ਵਜੋਂ ਨੀਰੂ ਬਾਜਵਾ ਨੇ ਭੂਮਿਕਾਵਾਂ ਅਦਾ ਕੀਤੀਆਂ ਹਨ। ਬਾਕੀ ਕਿਰਦਾਰਾਂ ਵਿੱਚ ਬੀਨੂੰ ਢਿੱਲੋਂ, ਜਸਵਿੰਦਰ ਭੱਲਾ, ਸਰਦਾਰ ਸੋਹੀ, ਕਰਮਜੀਤ ਅਨਮੋਲ, ਸੁਨੀਤਾ ਧੀਰ, ਸ਼ਵਿੰਦਰ ਮਾਹਲ, ਬੀ|ਐੱਨ| ਸ਼ਰਮਾਂ ਅਤੇ ਰਾਣਾ ਜੰਗ ਬਹਾਦਰ ਸ਼ਾਮਲ ਹਨ। ‘ਵਿਵਾਹ’ ਜਿਹੀ ਫ਼ਿਲਮ ਨੂੰ ਆਪਣੇ ਕੈਮਰੇ ਵਿੱਚ ਕੈਦ ਕਰ ਚੁੱਕੇ ਉੱਘੇ ਕੈਮਰਾਮੈਨ ਹਰੀਸ਼ ਜੋਸ਼ੀ ਦੁਆਰਾ ਫ਼ਿਲਮਾਈ ਗਈ ਇਸ ਫ਼ਿਲਮ ਦੀ ਕਹਾਣੀ ਅਤੇ ਸਕਰੀਨ ਪਲੇਅ ‘ਮੇਲ ਕਰਾ ਦੇ ਰੱਬਾ’ ਫ਼ੇਮ ਧੀਰਜ ਰਤਨ ਦੁਆਰਾ ਲਿਖਿਆ ਗਿਆ ਹੈ। ਕਿਉਂਕਿ ਫ਼ਿਲਮ ਵਿੱਚ ਦੋ ਚੋਟੀ ਦੇ ਗਾਇਕ ਹੀਰੋ ਹਨ ਇਸ ਲਈ ਇਸ ਫ਼ਿਲਮ ਨੂੰ ਪੂਰੀ ਤਰਾਂ ਸੰਗੀਤਕ ਬਣਾਉਣ ਵਿੱਚ ਨਿਰਦੇਸ਼ਕ ਮਨਦੀਪ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਇਸ ਕਰਕੇ ਹੀ ਉਸਨੇ ਅਜੋਕੇ ਸਮੇਂ ਦੇ ਸਭ ਤੋਂ ਸਫ਼ਲ ਸੰਗੀਤ ਨਿਰਦੇਸ਼ਕ ਅਮਨ ਹੇਅਰ, ਹਨੀ ਸਿੰਘ ਅਤੇ ਸਚਿਨ ਗੁਪਤਾ ਦੀਆਂ ਸੇਵਾਵਾਂ ਲਈਆਂ ਸਨ।
                 ਫ਼ਿਲਮ ਦਾ ਵਿਸ਼ਾ ਬੜਾ ਹੀ ਰੌਚਕ ਹੈ ਕਿਉਂਕਿ ਦੋਨਾਂ ਹੀਰੋਜ਼ ਦੀ ਇੱਕ ਹੀ ਹੀਰੋਇਨ ਹੈ ਇਸ ਲਈ ਉਸਨੂੰ ਪ੍ਰਾਪਤ ਕਰਨ ਲਈ ਇਹ ਦੋਨੋਂ ਹੀਰੋ ਕੀ-ਕੀ ਤਰਕੀਬਾਂ ਬਣਾਉਦੇ ਹਨ ਅਤੇ ਕਿਵੇਂ ਹੀਰੋਇਨ ਦੇ ਸਾਹਮਣੇ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੇ ਯਤਨ ਕਰਦੇ ਹਨ ਇਹ ਸਭ ਦੇਖ ਕੇ ਦਰਸ਼ਕ ਗਦਗਦ ਹੋ ਰਹੇ ਹਨ। ਇਸ ਫ਼ਿਲਮ ਦੀ ਸਫ਼ਲਤਾ ਤੋਂ ਪੂਰੀ ਤਰਾਂ ਖ਼ੁਸ਼ ਨਿਰਦੇਸ਼ਕ ਮਨਦੀਪ ਕੁਮਾਰ ਅਨੁਸਾਰ ਦਰਸ਼ਕ ਤਿੰਨ ਘੰਟੇ ਲਈ ਸਿਨੇਮਾ ਹਾਲ ਵਿੱਚ ਬਾਹਰੀ ਦੁਨੀਆਂ ਨੂੰ ਭੁੱਲ ਕੇ ਮਨੋਰੰਜਨ ਕਰਨ ਜਾਂਦਾ ਹੈ ਇਸ ਲਈ ਉਸਨੇ ਹਰੇਕ ਆਮ ਦਰਸ਼ਕ ਨੂੰ ਧਿਆਨ ਵਿੱਚ ਰੱਖ ਕੇ ਇਸ ਫ਼ਿਲਮ ਨੂੰ ਇੱਕ ਰੁਮਾਂਟਿਕ ਕਾਮੇਡੀ ਫ਼ਿਲਮ ਬਣਾਉਣ ਦਾ ਯਤਨ ਕੀਤਾ ਸੀ ਤਾਂ ਜੋ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਹੋ ਸਕੇ ਤੇ ਅੱਜ ਉਸਨੂੰ ਖ਼ੁਸ਼ੀ ਹੈ ਕਿ ਉਹ ਆਪਣੇ ਮਕਸਦ ਵਿੱਚ ਕਾਮਯਾਬ ਰਿਹਾ ਹੈ। ਇਸ ਤਰ੍ਹਾਂ ਦੀ ਮਨੋਰੰਜਕ ਅਤੇ ਸਫ਼ਲ ਫ਼ਿਲਮ ਬਣਾਉਣ ਲਈ ਇਸ ਫ਼ਿਲਮ ਨਾਲ ਜੁੜੀ ਸਾਰੀ ਟੀਮ ਹੀ ਵਧਾਈ ਦੀ ਹੱਕਦਾਰ ਹੈ, ਅਜਿਹੀਆਂ ਫ਼ਿਲਮਾਂ ਦਾ ਦਰਸ਼ਕਾਂ ਨੂੰ ਹਮੇਸ਼ਾਂ ਹੀ ਇੰਤਜ਼ਾਰ ਰਹੇਗਾ।                                   
                            ਹਰਿੰਦਰ ਸਿੰਘ ਭੁੱਲਰ
                            ਫ਼ਿਰੋਜ਼ਪੁਰ
                            ਮੋਬਾਇਲ-94640-08008
                 ਈ-ਮੇਲ-harinderbhullar420@yahoo.com

No comments:

Post a Comment