Pages

Tuesday, April 5, 2011

ਯੁੱਧਵੀਰ ਮਾਣਕ ਦੀ ਹਾਲਤ ਵਿੱਚ ਤੇਜ਼ੀ ਨਾਲ ਸੁਧਾਰ


ਫ਼ਿਰੋਜ਼ਪੁਰ 5 ਅਪ੍ਰੈਲ (ਹਰਿੰਦਰ ਭੁੱਲਰ) ਬੀਤੀ 30 ਮਾਰਚ ਦੀ ਰਾਤ ਨੂੰ ਜਦ ਸਾਰੇ ਭਾਰਤੀ ਪਾਕਿਸਤਾਨ ਉੱਪਰ ਭਾਰਤੀ ਕ੍ਰਿਕਟ ਟੀਮ ਦੀ ਜਿੱਤ ਦਾ ਜਸ਼ਨ ਮਨਾ ਰਹੇ ਸਨ ਤਾਂ ਐਨ ਉਸੇ ਵੇਲੇ ਇੱਕ ਦੁੱਖਦਾਈ ਖ਼ਬਰ ਸੁਣਨ ਨੂੰ ਮਿਲੀ ਕਿ ਗਾਇਕ ਯੁੱਧਵੀਰ ਮਾਣਕ ਦੇ ਖ਼ੂਨ ਦਾ ਦਬਾਓ ਵਧਣ ਕਾਰਨ ਉਸਦੇ ਖ਼ੂਨ ਦਾ ਇੱਕ ਕਤਰਾ (ਕਲੌਟ) ਉਸਦੇ ਦਿਮਾਗ ਦੀ ਨਾਲੀ ਵਿੱਚ ਚਲਾ ਗਿਆ ਹੈ ਤੇ ਇਸ ਕਰਕੇ ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਲੁਧਿਆਣਾ ਸਥਿਤ ਡੀ ਐੱਮ ਸੀ  ਹਸਤਪਾਲ ਦੇ ਹੀਰੋ ਹਾਰਟ ਕੇਂਦਰ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਖ਼ਬਰ ਨੇ ਸਮੂਹ ਪੰਜਾਬੀਆਂ ਦੇ ਚਿਹਰੇ ਪੀਲੇ ਕਰ ਦਿੱਤੇ। ਅਗਲੇ ਹੀ ਦਿਨ ਇਹ ਅਫ਼ਵਾਹ ਫ਼ੈਲ ਗਈ ਕਿ ਯੁੱਧਵੀਰ ਨਹੀਂ ਰਿਹਾ ਇਸ ਖ਼ਬਰ ਨੂੰ ਸੁਣ ਕੇ ਦੇਸ਼-ਵਿਦੇਸ਼ ‘ਚ ਵੱਸਦੇ ਸਭ ਪੰਜਾਬੀਆਂ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਪਰ ਸਭ ਨੂੰ ਉਸ ਵੇਲੇ ਸੁਖ ਦਾ ਸਾਹ ਆਇਆ ਜਦ ਇਹ ਪਤਾ ਲੱਗਾ ਕਿ ਇਹ ਮਹਿਜ਼ ਇੱਕ ਅਫ਼ਵਾਹ ਸੀ ਯੁੱਧਵੀਰ ਉਂਝ ਠੀਕ ਹੈ ਪਰ ਉਸਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ ਤੇ ਉਹ ਬੇਹੋਸ਼ ਹੈ। ਇਸ ਖ਼ਬਰ ਨਾਲ ਇੱਕ ਵਾਰ ਤਾਂ ਸਾਰਿਆਂ ਦੀ ਜਾਨ ਵਿੱਚ ਜਾਨ ਆਈ ,ਅਗਲੇ ਹੀ ਪਲ ਪੂਰੀ ਦੁਨੀਆਂ ਦੇ ਪੰਜਾਬੀਆਂ ਨੇ ਉਸਦੀ ਸਿਹਤਯਾਬੀ ਲਈ ਦੁਆਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂ ਵਿੱਚ ਹਾਲਾਤ ਇਹ ਸਨ ਕਿ ਉਸਦੀ ਹਾਲਤ ਨੂੰ ਦੇਖ ਕੇ ਡਾਕਟਰਾਂ ਨੇ ਵੀ ਸਿਰ ਫੇਰ ਕੇ ਪਰਿਵਾਰ ਨੂੰ ਭਵਿੱਖਤ ਸਥਿਤੀ ਲਈ ਮਾਨਸਿਕ ਤੌਰ ‘ਤੇ ਤਿਆਰ ਰਹਿਣ ਲਈ ਕਹਿ ਦਿੱਤਾ ਸੀ ਪਰ ਸਿਆਣਿਆਂ ਦਾ ਕਥਨ ਹੈ ਕਿ ਜਿੱਥੇ ਦਵਾ ਕੰਮ ਨਹੀਂ ਕਰਦੀ ਉਥੇ ਦੁਆ ਕੰਮ ਕਰਦੀ ਹੈ। ਯੁੱਧਵੀਰ ਨੂੰ ਪਿਆਰ ਕਰਨ ਵਾਲਿਆਂ ਦੀਆਂ ਦੁਆਵਾਂ ਨੇ ਅਸਰ ਦਿਖਾਇਆ ਤੇ ਉਸ ਦੀ ਹਾਲਤ ਸੁਧਰਨੀ ਸ਼ੁਰੂ ਹੋ ਗਈ। ਪਹਿਲਾਂ ਉਸਦੇ ਹੱਥ ਨੇ ਗਤੀ ਕਰਨੀ ਸ਼ੁਰੂ ਕੀਤੀ ਫਿਰ ਉਸਨੇ ਹੌਲੀ-ਹੌਲੀ ਅੱਖ ਖੋਲ੍ਹੀ ਤੇ ਮੂੰਹ ਵਿੱਚ ਪਾਈ ਆਕਸੀਜਨ ਦੀ ਪਾਈਪ ਨੁੰ ਚਿੱਥਣ ਦੀ ਕੋਸ਼ਿਸ਼ ਕਰਨ ਲੱਗਾ। ਅੱਜ ਉਸਨੂੰ ਹਸਪਤਾਲ ਵਿੱਚ ਸੱਤ ਦਿਨ ਹੋ ਚੁੱਕੇ ਹਨ ਤੇ ਅੱਜ ਸ਼ਾਮ ਨੂੰ ਹੀ ਉਸ ਨੂੰ ਵੈਂਟੀਲੇਟਰ ਤੋਂ ਉਤਾਰ ਕੇ ਆਈ ਸੀ ਯੂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਹ ਕ੍ਰਿਸ਼਼ਮਾ ਉਸਦੇ ਚਾਹੁਣ ਵਾਲਿਆਂ ਦੀਆਂ ਦੁਆਵਾਂ ਬਦੌਲਤ ਹੀ ਸੰਭਵ ਹੋਇਆ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਹੁਣ ਖ਼ਤਰੇ ਵਾਲੀ ਕੋਈ ਵੀ ਗੱਲ ਨਹੀਂ ਹੈ ਤੇ ਜਲਦੀ ਹੀ ਯੁੱਧਵੀਰ ਸਿਹਤਯਾਬ ਹੋ ਕੇ ਘਰ ਵਾਪਸ ਪਰਤੇਗਾ।

No comments:

Post a Comment