Pages

Tuesday, April 5, 2011

ਚਰਚਾ ’ਚ ਹੈ ਗਿੱਪੀ ਗਰੇਵਾਲ ਦਾ ‘ਧਰਤੀ’ ਫ਼ਿਲਮ ’ਚ ਗਾਇਆ ਗੀਤ




         ਗਾਇਕ ਅਤੇ ਨਾਇਕ ਗਿੱਪੀ ਗਰੇਵਾਲ ਦੀ ਅੱਜ ਪੂਰੀ ਦੁਨੀਆਂ ਦੀਵਾਨੀ ਹੈ। ਚਾਹੇ ਉਸ ਦੁਆਰਾ ਗਾਏ ਗੀਤਾਂ ਦੀ ਟੇਪ ‘ਦੇਸੀ ਰੌਕ ਸਟਾਰ’ ਹੋਵੇ ਤੇ ਚਾਹੇ ਉਸਦੀ ਬਤੌਰ ਨਾਇਕ ਪਹਿਲੀ ਫ਼ਿਲਮ ‘ਮੇਲ ਕਰਾ ਦੇ ਰੱਬਾ’ ਉਸਨੇ ਹਰ ਪਾਸੇ ਸਫ਼ਲਤਾ ਦੇ ਝੰਡੇ ਗੱਡੇ ਹਨ। ਉਹ ਕਮਾਲ ਦੀ ਸੂਝ-ਬੂਝ ਅਤੇ ਆਪਣੇ ਕੰਮ ਪ੍ਰਤੀ ਸਮਰਪਣ ਭਾਵ ਰੱਖਣ ਵਾਲਾ ਬੰਦਾ ਹੈ ਇਹੀ ਕਾਰਨ ਹੈ ਕਿ ਉਹ ਜੋ ਵੀ ਕਰਦਾ ਹੈ ਤੇ ਜਿੰਨਾਂ ਵੀ ਕਰਦਾ ਹੈ ਉਸਦੀ ਚਰਚਾ ਜ਼ਰੂਰ ਹੁੰਦੀ ਹੈ। ਉਹ ਹਮੇਸ਼ਾ ਹੀ ਕੁਝ ਨਵਾਂ ਕਰਨ ਦੀ ਤਾਕ ਵਿੱਚ ਰਹਿੰਦਾ ਹੈ ਤਾਂ ਜੋ ਉਹ ਇਸ ਮੁਕਾਬਲੇਬਾਜ਼ੀ ਦੇ ਦੌਰ ਵਿੱਚ ਆਪਣੇ ਸਮਕਾਲੀਆਂ ਨਾਲ ਮੁਕਾਬਲੇ ਵਿੱਚ ਕਾਇਮ ਰਹਿ ਸਕੇ।
                ਉਸਦੀ ਪਿਛਲੀ ਰਿਲੀਜ਼ ਹੋਈ ਸੰਗੀਤਕ ਐਲਬਮ ‘ਦੇਸੀ ਰੌਕ ਸਟਾਰ’ ਵਿਚਲੇ ਗੀਤਾਂ ਅਤੇ ਵੀਡੀਓਜ਼ ਨੇ ਅਜਿਹਾ ਮਾਹੌਲ ਸਿਰਜਿਆ ਕਿ ਅੱਜ ਉਹ ਬਿਨਾਂ ਸ਼ੱਕ ਨੌਜਵਾਨ ਪੀੜ੍ਹੀ ਦਾ ਸਭ ਤੋਂ ਚਹੇਤਾ ਗਵੱਈਆ ਹੈ। ਅਜੇ ਇਸ ਟੇਪ ਦਾ ਜਨੂੰਨ ਠੰਢਾ ਨਹੀਂ ਸੀ ਹੋਇਆ ਕਿ ਉਹ ਇੱਕ ਵਾਰ ਫਿਰ ਆਗਾਮੀ 22 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਨਾਇਕ ਜਿੰਮੀ ਸ਼ੇਰਗਿੱਲ ਸਟਾਰਰ ਫ਼ਿਲਮ ‘ਧਰਤੀ’ ਵਿਚਲੇ ਗੀਤ ਆਪਣੇ ਵੱਖਰੀ ਤਰਾਂ ਦੇ ਵਿਸ਼ੇ ਵਾਲੇ ਗੀਤ ‘ਸਾਡੇ ਹੀ ਪੈਸੇ ’ਤੇ ਸਰਕਾਰਾਂ ਚੱਲਦੀਆਂ ਨੇ’ ਰਾਹੀਂ ਚਰਚਾ ਵਿੱਚ ਹੈ। ਅਜੋਕੀ ਸਿਆਸਤ ’ਤੇ ਚੋਟ ਕਰਦੇ ਇਸ ਗੀਤ ਦੀਆਂ ਸਤਰਾਂ ਕੁਝ ਇਸ ਤਰਾਂ ਹਨ- 


ਅਸੀਂ ਹਾਰੇ ਹੰਭੇ ਆਂ ਲੋਕ ਬਿਮਾਰ ਜਿਹੇ
ਅਸੀਂ ਅੱਜ ਵੀ ਦੀਂਹਦੇ ਆਂ ਫ਼ਸਲਾਂ ਦੀ ਮਾਰ ਜਿਹੇ
ਸਾਡੇ ਪੈਰ ਰੋੜਿਆਂ ’ਤੇ ਸਿਰੋਂ ਕਾਰਾਂ ਚੱਲਦੀਆਂ ਨੇ
ਸਾਡੇ ਹੀ ਪੈਸੇ ’ਤੇ ਸਰਕਾਰਾਂ ਚੱਲਦੀਆਂ ਨੇ


ਸਭ ਰਲੇ ਕਬੂਤਰ ਨੇ ਚਿੱਟੇ ਤੇ ਗੋਲੇ ਓਇ
ਸਾਨੂੰ ਭਾਅ ਬਦਾਮਾਂ ਦੇ ਵੇਚਣ ਇਹ ਛੋਲੇ ਓਇ
ਮੂੰਹੋਂ ਮਿੱਠਾ ਬੋਲਣ ਜੋ ਇਹ ਸ਼ਕਲਾਂ ਕਲ ਦੀਆਂ ਨੇ
ਸਾਡੇ ਹੀ ਪੈਸੇ ’ਤੇ ਸਰਕਾਰਾਂ ਚੱਲਦੀਆਂ ਨੇ


ਇਹਨਾਂ ਹੀ ਵੰਡ ਦਿੱਤੇ ਪਾਣੀ ਪੰਜ ਦਰਿਆਵਾਂ ਦੇ
ਚੁਣ-ਚੁਣ ਮਰਵਾ ਦਿੱਤੇ ਹੀਰੇ ਪੁੱਤ ਮਾਵਾਂ ਦੇ
ਇਹੀ ਸਰਕਾਰਾਂ ਨੇ ਜੋ ਅੱਤਵਾਦ ਘੱਲਦੀਆਂ ਨੇ
ਸਾਡੇ ਹੀ ਪੈਸੇ ’ਤੇ ਸਰਕਾਰਾਂ ਚੱਲਦੀਆਂ ਨੇ…

       ‘ਧਰਤੀ’ ਫ਼ਿਲਮ ਵਿਚਲੇ ਇਸ ਤੋਂ ਬਾਅਦ ਜਲਦੀ ਹੀ ਉਸਦੀ ਸਿੱਖ ਧਰਮ ਦੇ ਯੋਧਿਆਂ ਦੀ ਗਾਥਾ ਨੂੰ ਬਿਆਨ ਕਰਦੀ ਇੱਕ ਧਾਰਮਿਕ ਐਲਬਮ ਵੀ ਬਿਲਕੁਲ ਤਿਆਰ-ਬਰ-ਤਿਆਰ ਹੈ ਜੋ ਜਲਦੀ ਹੀ ਸਰੋਤਿਆਂ ਨੂੰ ਸੁਣਨ ਨੂੰ ਮਿਲੇਗੀ। ਬੀਤੇ ਵਰ੍ਹੇ ‘ਮੇਲ ਕਰਾ ਦੇ ਰੱਬਾ’ ਫ਼ਿਲਮ ਰਾਹੀਂ ਸਿਲਵਰ ਸਕਰੀਨ ’ਤੇ ਹਾਜ਼ਰੀ ਭਰਨ ਵਾਲੇ ਇਸ ਗਾਇਕ ਦੀ ਨਾਇਕ ਵਜੋਂ ਦੂਸਰੀ ਫ਼ਿਲਮ ‘ਜੀਹਨੇ ਮੇਰਾ ਦਿਲ ਲੁੱਟਿਆ’ ਵੀ ਮੁਕੰਮਲ ਹੋ ਚੁੱਕੀ ਹੈ ਅਤੇ ਜੁਲਾਈ ਦੇ ਦੂਜੇ ਹਫ਼ਤੇ ਉਹ ਵੀ ਦਰਸ਼ਕਾਂ ਨੂੰ ਤੱਕਣ ਨੂੰ ਮਿਲੇਗੀ। ਆਪਣੇ ਗੀਤਾਂ ਰਾਹੀਂ ਨਿੱਤ ਨਵੇਂ ਵਿਸ਼ਿਆਂ ਦੀ ਗੱਲ ਕਰਨ ਵਾਲੇ ਇਸ ਨੌਜਵਾਨ ਗਾਇਕ ਕੋਲੋਂ ਭਵਿੱਖ ਵਿੱਚ ਵੀ ਪੰਜਾਬੀਆਂ ਨੂੰ ਢੇਰ ਸਾਰੀਆਂ ਆਸਾਂ ਹਨ।
                          ਹਰਿੰਦਰ ਭੁੱਲਰ
                          ਫ਼ਿਰੋਜ਼ਪੁਰ
                          ਮੋਬਾਇਲ-94640-08008
                     ਈ-ਮੇਲ-harinderbhullar420@yahoo.com

1 comment:

  1. thank you for providing us this kind information about gippy grewal's movie Latest Punjabi Music

    ReplyDelete