Pages

Thursday, September 9, 2010



ਅਮਰ ਗੀਤਾਂ ਦਾ ਰਚਨਹਾਰਾ ਅਮਰਦੀਪ ਗਿੱਲ
ਅਮਰਦੀਪ ਗਿੱਲ ਨਾਲ ਮੇਰੀ ਸਾਂਝ ਓਨੀ ਹੀ ਪੁਰਾਣੀ ਹੈ ਜਿੰਨੇ ਸਾਲ ਰਾਂਝੇ ਨੇ ਹੀਰ ਲਈ ਮੱਝਾਂ ਚਾਰੀਆਂ ਸਨ। ਇਹਨਾਂ ਸਾਲਾਂ ਦੌਰਾਨ ਉਹ ਕਈ ਪੜਾਵਾਂ ਵਿੱਚੋਂ ਗੁਜ਼ਰਿਆ ਹੈ ਤੇ ਮੈਂ ਉਸ ਦੇ ਇੱਕ ਗੀਤਕਾਰ ਵਜੋਂ ਬਠਿੰਡੇ ਤੋਂ ਬੰਬਈ ਤੱਕ ਦੇ ਸਫ਼ਰ ਦਾ ਗਵਾਹ ਵੀ ਹਾਂ।ਉਹ ਸਿਰੇ ਦਾ ਭਾਵੁਕ ਤੇ ਜ਼ਜ਼ਬਾਤੀ ਜਿਹਾ ਇਨਸਾਨ ਹੈ ਜੋ ਹਰ ਵੇਲੇ ਯਾਰਾਂ ਤੋਂ ਜਾਨ ਵਾਰਨ ਲਈ ਤਿਆਰ ਰਹਿੰਦਾ ਹੈ।ਮਾਫ਼ ਕਰ ਦੇਣਾ ਉਸਦਾ ਸਭ ਤੋਂ ਵੱਡਾ ਗੁਣ ਹੈ ਮੈਂ ਕਦੇ ਵੀ ਉਸ ਨੂੰ ਕਿਸੇ ਦੀ ਆਲੋਚਨਾ ਜਾਂ ਲੱਤਾਂ ਖਿੱਚਦਿਆਂ ਨਹੀਂ ਤੱਕਿਆ। ਪੈਸਾ ਉਸ ਲਈ ਕਦੇ ਵੀ ਪ੍ਰਮੁੱਖ ਨਹੀਂ ਰਿਹਾ, ਫ਼ਾਕਾਮਸਤੀ ਵਿੱਚ ਜਿਉਣਾ ਉਸਨੂੰ ਹਮੇਸ਼ਾਂ ਚੰਗਾ ਲੱਗਦਾ ਹੈ।ਜਦ ਕਦੇ ਵੀ ਉਸਦਾ ਮਨ ਦੁਨੀਆਂਦਾਰੀ ਤੋਂ ਅੱਕ ਥੱਕ ਜਾਵੇ ਤਾਂ ਫਿਰ ਉਸਦੀ ਕਾਰ ਦਾ ਰੁਖ ਆਪ ਮੁਹਾਰੇ ਹੀ ਡਲਹੌਜ਼ੀ ਨੂੰ ਹੋ ਤੁਰਦਾ ਹੈ। ਇਸ ਸ਼ਹਿਰ ਦਾ ਉਸ ਨਾਲ ਪਤਾ ਨਹੀਂ ਕੀ ਲਗਾਓ ਹੈ ਜੋ ਵਾਰ-ਵਾਰ ਉਸਨੂੰ ਆਪਣੇ ਕੋਲ ਬੁਲਾਉਂਦਾ ਹੈ।
                         
ਅੱਜ ਬਿਨਾਂ ਸ਼ੱਕ ਅਮਰਦੀਪ ਪੰਜਾਬੀ ਦਾ ਚਰਚਿਤ ਸ਼ਾਇਰ ਤੇ ਗੀਤਕਾਰ ਹੈ। ਜੇ ਉਸਦੇ ਗੀਤਾਂ ਨੂੰ ਪੜ੍ਹਣ ਦਾ ਚਿੱਤ ਲੋਚਦਾ ਹੈ ਤਾਂ ਤੁਸੀਂ ਉਸਦੀ ਪੁਸਤਕ 'ਸਿੱਲ੍ਹੀ-ਸਿੱਲ੍ਹੀ ਹਵਾ' ਪੜ੍ਹ ਸਕਦੇ ਹੋ ਤੇ ਜੇ ਉਸਦੀ ਪ੍ਰਤੀਬੱਧ ਕਵਿਤਾ ਪੜ੍ਹਣੀ ਹੈ ਤਾਂ ਉਸ ਲਈ ਉਸਦੀ ਕਾਵਿ-ਪੁਸਤਕ 'ਅਰਥਾਂ ਦਾ ਜੰਗਲ' ਨੂੰ ਵਾਚ ਸਕਦੇ ਹੋ। ਲੋਕਪ੍ਰਿਯ ਗੀਤਕਾਰੀ ਤੇ ਗੰਭੀਰ ਸ਼ਾਇਰੀ ' ਇੱਕੋ ਜਿੰਨੀ ਮੁਹਾਰਤ ਨਾਲ ਵਿਚਰਨ ਵਾਲਾ ਉਹ ਪੰਜਾਬੀ ਦਾ ਲਗਭਗ ਇਕੱਲਾ ਲੇਖਕ ਹੈ। ਇਹਨਾਂ ਦਿਨਾਂ ਵਿੱਚ ਉੱਘੇ ਫ਼ਿਲਮਸਾਜ਼ ਮਨਮੋਹਨ ਸਿੰਘ ਦੀ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਵਿਚਲੇ ਉਸ ਦੁਆਰਾ ਲਿਖੇ ਗੀਤ ਚੁਫ਼ੇਰੇ ਗੂੰਜ ਰਹੇ ਹਨ।ਖਾਸ ਤੌਰ 'ਤੇ ਇਸ ਫ਼ਿਲਮ ਦਾ ਟਾਈਟਲ ਗੀਤ ਹਰ ਸੂਝਵਾਨ ਸਰੋਤੇ ਦਾ ਮਨ ਮੋਹ ਲੈਂਦਾ ਹੈ ਜਿਸ ਵਿੱਚ ਅਮਰਦੀਪ ਨੇ ਅਸਲ ਵਿੱਚ ਪੰਜਾਬ ਦੀ ਕੁੜੀ ਕਿਹੋ ਜਿਹੀ ਹੈ ਉਸ ਬਾਰੇ ਲੋਕਾਈ ਨੂੰ ਚਾਨਣਾ ਪਾਇਆ ਹੈ। ਉਸਦੇ ਬੋਲ ਕੁਝ ਇਸ ਪ੍ਰਕਾਰ ਹਨ- 
"
ਪੰਜ ਦਰਿਆ ਦੇ ਪਾਣੀ ਦੇ ਵਿੱਚ ਗੁੰਨ੍ਹ ਪੰਜਾਬੀ ਮਿੱਟੀ,
ਮੱਕੀ ਦਾ ਵਿੱਚ ਆਟਾ ਪਾ ਕੇ ਕਰ ਲਓ ਗੋਰੀ ਚਿੱਟੀ,
ਕੱਚੇ ਦੁੱਧ ਦਾ ਛਿੱਟਾ ਦੇ ਕੇ ਹੁਸਨ ਦੀ ਭੱਠੀ ਪਾਓ,
ਸਾਰੀ ਦੁਨੀਆਂ ਨਾਲੋਂ ਵੱਖਰਾ ਇੱਕ ਕਲਬੂਤ ਬਣਾਓ,
ਇੱਜ਼ਤ ਬਾਣਾ ਗਹਿਣਾ ਅਣਖ ਦਾ ਰੂਹ ਵਿੱਚ ਰੱਬ ਵਸਾਇਓ,
ਕਿੱਸੇ,ਵਾਰਾਂ,ਗੀਤ, ਬੋਲੀਆਂ, ਬਾਣੀ ਰੋਜ਼ ਸੁਣਾਇਓ,
ਇੱਕ ਹੱਥ ਦੇ ਵਿੱਚ ਤੇਗ ਦੇ ਦਿਓ, ਇੱਕ ਵਿੱਚ ਕਲੀ ਗੁਲਾਬ ਦੀ,
ਇੰਝ ਬਣਦੀ ਯਾਰੋ, ਇੱਕ ਕੁੜੀ ਪੰਜਾਬ ਦੀ।
                 
ਪੰਜਾਬੀ ਕੁੜੀ ਦੀ ਸੂਰਤ ਤੇ ਸੀਰਤ ਦੀ ਇਸ ਕਿਸਮ ਦੀ ਤਸਵੀਰਕਸ਼ੀ ਸ਼ਾਇਦ ਹੀ ਪੰਜਾਬੀ ਸਾਹਿਤ ਵਿੱਚ ਪਹਿਲਾਂ ਕਦੇ ਹੋਈ ਹੋਵੇ। ਇਸੇ ਫ਼ਿਲਮ ਦੇ ਹੀ ਦੋ ਹੋਰ ਗੀਤ 'ਹੁਣ ਮੈਨੂੰ ਦਿਸਦੀ ਏਂ ਸਾਰਿਆਂ 'ਚੋਂ ਤੂੰ' ਅਤੇ 'ਕਿਹੋ ਜਿਹੇ  ਮੋੜ ਉੱਤੇ ਪਿਆਰ ਲੈ ਕੇ ਗਿਆ' ਨੌਜਵਾਨ ਵਰਗ ' ਬੇਹੱਦ ਹਰਮਨਪਿਆਰੇ ਹੋ ਚੁੱਕੇ ਹਨ।ਫ਼ਿਲਮਾਂ ਵਿੱਚ ਗੀਤ ਲਿਖਣ ਦਾ ਤਜਰਬਾ ਅਮਰਦੀਪ ਲਈ ਕੋਈ ਨਵਾਂ ਨਹੀਂ ਹੈ ਇਸ ਤੋਂ ਪਹਿਲਾਂ ਵੀ ਉਸਦੇ ਗੀਤ ਗੁਰਦਾਸ ਮਾਨ ਦੀ ਫ਼ਿਲਮ 'ਯਾਰੀਆਂ' ਅਤੇ ਰਾਜ ਬਰਾੜ ਦੀ ਫ਼ਿਲਮ 'ਜਵਾਨੀ ਜ਼ਿੰਦਾਬਾਦ' ਵਿੱਚ ਚੁੱਕੇ ਹਨ ਪਰ ਉਹ ਕਹਿੰਦਾ ਹੈ ਕਿ ਉਸ ਲਈ ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਉਹ ਮਨਮੋਹਨ ਸਿੰਘ ਵਰਗੇ ਫ਼ਿਲਮਸਾਜ਼ ਦੀਆਂ ਉਮੀਦਾਂ 'ਤੇ ਖਰਾ ਉਤਰਿਆ ਹੈ।
                         
ਅਮਰਦੀਪ ਸਾਹਿਤ,ਕਲਾ ਅਤੇ ਸੰਗੀਤ ਵਾਂਗ ਆਪਣੇ ਆਪ ਨੂੰ ਸਿਨੇਮਾ ਦਾ ਵਿਦਿਆਰਥੀ ਵੀ ਕਹਿੰਦਾ ਹੈ। ਉਸਦਾ ਸੁਪਨਾ ਪੰਜਾਬੀ ਭਾਸ਼ਾ ' ਉੱਚ ਪਾਏ ਦੀਆਂ ਫ਼ਿਲਮਾਂ ਬਣਾਉਣ ਦਾ ਹੈ। ਉਸ ਅਨੁਸਾਰ ਹੁਣ ਪੰਜਾਬੀ ' ਲੀਕ ਤੋਂ ਹਟ ਕੇ ਚੰਗੀਆਂ ਫ਼ਿਲਮਾਂ ਬਣਾਉਣ ਲਈ ਢੁਕਵਾਂ ਸਮਾਂ ਹੈ ਤੇ ਇਸੇ ਲਈ ਹੀ ਉਹ ਤਿੰਨ ਪੰਜਾਬੀ ਫ਼ਿਲਮਾਂ ਦੀਆਂ ਸਕਰਿਪਟਾਂ ਵੀ ਲਿਖ ਰਿਹਾ ਹੈ। ਉਸਨੇ ਜ਼ਿੰਦਗੀ ' ਕਈ ਵਾਰ ਉਤਰਾਅ ਚੜ੍ਹਾਅ ਦੇਖੇ ਹਨ ਪਰ ਉਹ ਹਮੇਸ਼ਾਂ ਹੀ ਆਪਣੀ ਕਲਾ, ਪ੍ਰਤਿਭਾ ਤੇ ਪ੍ਰਤੀਬੱਧਤਾ ਦੇ ਸਹਾਰੇ ਅੱਗੇ ਵਧਦਾ ਰਿਹਾ ਹੈ। ਉਸਦੇ ਵਿਅਕਤੀਤੱਵ ਤੇ ਉਸਦੀ ਪ੍ਰਤਿਭਾ ਦੇ ਕਈ ਰੰਗ ਹਨ।ਉਹ ਇੱਕ ਵਧੀਆ ਗੀਤਕਾਰ ਹੋਣ ਦੇ ਨਾਲ-ਨਾਲ ਇੱਕ ਚੰਗਾ ਗਵੱਈਆ ਵੀ ਹੈ ਆਪਣੀ ਆਵਾਜ਼ ਦਾ ਨਮੂਨਾ ਬੀਤੇ ਦਿਨੀਂ ਉਸਨੇ ਆਪਣੇ ਇੱਕ ਗੀਤ 'ਏਨੀ ਮੇਰੀ ਬਾਤ' ਰਾਹੀਂ ਸਰੋਤਿਆਂ ਲਈ ਪੇਸ਼ ਕੀਤਾ ਹੈ ਜੋ ਇੰਟਰਨੈੱਟ 'ਤੇ ਉਪਲਬਧ ਹੈ।ਇਸ ਤਰਾਂ ਦਾ ਤਜਰਬਾ ਕਰਨ ਪਿੱਛੇ ਉਸਦਾ ਮਕਸਦ ਬਾਕੀ ਗੀਤਕਾਰਾਂ ਵਾਂਗ ਗਾਇਕੀ ਦੇ ਖੇਤਰ ਵਿੱਚ ਉਤਰਨਾ ਨਹੀਂ ਤੇ ਨਾ ਹੀ ਉਸਨੇ ਕਿਸੇ ਹੋਰ ਬਜ਼ਾਰੂ ਕਾਰਨ ਕਰਕੇ ਇਹ ਗੀਤ ਗਾਇਆ ਹੈ ਬਲਕਿ ਇਸ ਪਿੱਛੇ ਉਸਦੀ ਨਿਰੋਲ ਭਾਵਨਾ ਕੰਮ ਕਰਦੀ ਹੈ
                     
ਪਿੱਛੇ ਜਿਹੇ ਉਸਨੇ ਆਪਣੇ ਗੀਤਕਾਰੀ ਦੇ ਕੰਮ ਨੂੰ ਥੋੜ੍ਹਾ ਆਰਾਮ ਦਿੱਤਾ ਸੀ ਪਰ ਉਹ ਸ਼ਾਇਦ ਤੂਫ਼ਾਨ ਤੋਂ ਪਹਿਲਾਂ ਦੀ ਸ਼ਾਂਤੀ ਸੀ।ਅੱਜਕਲ ਉਹ ਇਸ ਖੇਤਰ ਵਿੱਚ ਪੂਰੇ ਜ਼ੋਰ-ਸ਼ੋਰ ਨਾਲ ਸਰਗਰਮ ਹੈ ਆਉਣ ਵਾਲੇ ਦਿਨਾਂ ਵਿੱਚ ਉਸਦੇ ਗੀਤ ਹੰਸ ਰਾਜ ਹੰਸ,ਸਲੀਮ, ਜ਼ੈਜ਼ੀ ਬੈਂਸ, ਰਾਜ ਬਰਾੜ, ਜਸਵਿੰਦਰ ਬਰਾੜ, ਨਛੱਤਰ ਗਿੱਲ, ਅਮਰਿੰਦਰ ਗਿੱਲ, ਜਸਪਿੰਦਰ ਨਰੂਲਾ, ਸੁਰਿੰਦਰ ਲਾਡੀ , ਮਾਲਵਿੰਦਰ, ਸਲਾਮਤ ਅਲੀ ਆਦਿ ਦੀਆਂ ਆਵਾਜ਼ਾਂ ਵਿੱਚ ਸੁਣਨ ਨੂੰ ਮਿਲਣਗੇ। ਇਸ ਤੋਂ ਇਲਾਵਾ ਉਹ ਸੁਰੀਲੀ ਗਾਇਕਾ ਪ੍ਰਵੀਨ ਭਾਰਟਾ ਦੀ ਪਹਿਲੀ ਐਲਬਮ ਦੀ ਸੋਲੋ ਐਲਬਮ ਅਤੇ ਇੱਕ ਸੁਰੀਲੀ ਬੱਚੀ ਮੀਨੂੰ ਸਿੰਘ ਨੂੰ ਵੀ ਰਿਕਾਰਡ ਕਰ ਰਿਹਾ ਹੈ ਜਿਸਨੂੰ ਜਲਦੀ ਹੀ ਉਹ ਸਰੋਤਿਆਂ ਦੇ ਸਾਹਮਣੇ ਪੇਸ਼ ਕਰੇਗਾ।ਇਸ ਸੁਹਿਰਦ ਇਨਸਾਨ ਦੀ ਸੰਵੇਦਨਸ਼ੀਲ ਕਲਮ ਦੇ ਚੰਗੇਰੇ ਭਵਿੱਖ ਲਈ ਸਾਡੇ ਸਭ ਵੱਲੋਂ ਢੇਰ ਸਾਰੀਆਂ ਸ਼ੁਭ-ਕਾਮਨਾਵਾਂ ਹਨ ਪ੍ਰਮਾਤਮਾ ਇਸੇ ਤਰਾਂ ਇਸ ਆਪਣੀ ਨਜ਼ਰ ਸਵੱਲੀ ਰੱਖੇ।
                                           
ਹਰਿੰਦਰ ਭੁੱਲਰ
                                           
ਫ਼ਿਰੋਜ਼ਪੁਰ
                                           
ਮੋਬਾਇਲ- 94640-08008
                                           
-ਮੇਲ-harinderbhullar420@yahoo.com

1 comment: