Pages

Thursday, September 23, 2010

…ਤੇ ਜਦੋਂ ਕੁੜੀਆਂ ਨੇ ਹੀ ਕੀਤਾ ਫ਼ਿਲਮ ਦਾ ਹਾਊਸ ਫ਼ੁੱਲ


ਸਿਨੇਮੇ ਦਾ ਸਕੂਟਰ/ਸਾਈਕਲ ਸਟੈਂਡ ਵੀ ਹੋ ਗਿਆ 'ਹਾਊਸ ਫ਼ੁੱਲ'

ਸ਼ੋਅ ਲਈ ਵਿਸ਼ੇਸ਼ ਤੌਰ 'ਤੇ ਮੰਗਵਾਈ ਗਈ ਪੁਲਿਸ ਅਤੇ ਫ਼ਿਲਮ ਦੇਖਣ ਲਈ ਪਹੁੰਚੀਆਂ ਕੁੜੀਆਂ 



 
ਫ਼ਿਰੋਜ਼ਪੁਰ 23 ਸਤੰਬਰ (ਹਰਿੰਦਰ ਭੁੱਲਰ) ਭਾਵੇਂ ਕਿ ਸਮੇਂ ਦੇ ਬਦਲਣ ਨਾਲ ਅੱਜ ਲੋਕਾਂ ਵਿੱਚ ਸਿਨੇਮੇ ਵਿੱਚ ਜਾ ਕੇ ਫ਼ਿਲਮ ਦੇਖਣ ਦਾ ਰੁਝਾਨ ਘਟ ਰਿਹਾ ਹੈ ਪਰ ਇਸਦੇ ਬਾਵਜੂਦ ਵੀ ਅੱਜ ਉਸ ਵੇਲੇ ਇੱਕ ਵਿਲੱਖਣ ਨਜ਼ਾਰਾ ਸਥਾਨਕ ਅਮਰ ਸਿਨੇਮੇ ਵਿੱਚ ਸਵੇਰੇ 10 ਤੋਂ 1 ਵਜੇ ਵਾਲੇ ਸ਼ੋਅ ਦੌਰਾਨ ਦੇਖਣ ਨੂੰ ਮਿਲਿਆ ਜਦ ਉੱਘੇ ਫ਼ਿਲਮਸਾਜ਼ ਮਨਮੋਹਣ ਸਿੰਘ ਦੁਆਰਾ ਕੁੜੀਆਂ ਦੀ ਬਰਾਬਰੀ ਨੂੰ ਦਰਸਾਉਂਦੀ ਨਵੀਂ ਰਿਲੀਜ਼ ਹੋਈ ਫ਼ਿਲਮ 'ਇੱਕ ਕੁੜੀ ਪੰਜਾਬ ਦੀ' ਨੂੰ ਦੇਖਣ ਲਈ ਸਥਾਨਕ ਡੀ.ਏ.ਵੀ. ਕਾਲਜ ਦੀਆਂ ਕੁੜੀਆਂ ਨੇ ਇੱਕ ਤਰਾਂ ਨਾਲ ਸਿਨੇਮੇ 'ਤੇ ਧਾਵਾ ਹੀ ਬੋਲ ਦਿੱਤਾ। ਸਿਨੇਮੇ ਵਿੱਚ ਚਾਰ ਚੁਫ਼ੇਰੇ ਕੁੜੀਆਂ ਹੀ ਕੁੜੀਆਂ ਨਜ਼ਰ ਆ ਰਹੀਆਂ ਸਨ, ਕੁੜੀਆਂ ਦੀ ਐਨੀ ਵੱਡੀ ਤਾਦਾਦ ਨੂੰ ਦੇਖ ਕੇ ਸਿਨੇਮਾ ਮਾਲਕਾ ਨੇ ਟਿਕਟ ਖਿੜਕੀ ਤੋਂ ਕਿਸੇ ਵੀ ਮੁੰਡੇ ਨੂੰ ਟਿਕਟ ਨਹੀਂ ਦਿੱਤੀ ਤੇ ਸਿਰਫ਼ ਕੁੜੀਆਂ ਨਾਲ ਹੀ 'ਹਾਊਸ ਫ਼ੁੱਲ' ਹੋ ਗਿਆ। ਹਲਾਂਕਿ ਇਸ ਫ਼ਿਲਮ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਮੁੰਡੇ ਅਤੇ ਹੋਰ ਆਮ ਆਦਮੀ ਵੀ ਆਏ ਹੋਏ ਸਨ ਪਰ ਉਹਨਾਂ ਨੂੰ ਟਿਕਟ ਨਾ ਮਿਲਣ ਕਾਰਨ ਅਗਲੇ ਸ਼ੋਅ ਤੱਕ ਦਾ ਇੰਤਜ਼ਾਰ ਕਰਨਾ ਪਿਆ। ਇਹਨਾਂ ਹੀ ਮੁੰਡਿਆਂ ਵਿੱਚੋਂ ਕੁਝ ਇੱਕ ਨੇ ਜਦ ਟਿਕਟ ਨਾ ਮਿਲਣ ਕਾਰਨ ਹੁੱਲੜਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਿਨੇਮਾ ਮਾਲਕਾਂ ਨੇ ਤੁਰੰਤ ਪੁਲਿਸ ਨੂੰ ਬੁਲਾ ਲਿਆ। ਪੁਲਿਸ ਦੇ ਆਉਂਦਿਆਂ ਹੀ ਉਹ ਕਿਧਰੇ ਦੌੜ ਗਏ ਅਤੇ ਇਸ ਸ਼ੋਅ ਦੇ ਖ਼ਤਮ ਹੋਣ ਤੱਕ ਪੁਲਿਸ ਉੱਥੇ ਹੀ ਰਹੀ। ਇਸ ਤਰਾਂ ਫ਼ਿਲਮ ਨੂੰ ਸਿਨੇਮੇ ਵਿੱਚ ਦੇਖਣ ਲਈ ਵੱਡੀ ਗਿਣਤੀ ਵਿੱਚ ਕੁੜੀਆਂ ਦਾ ਆਉਣਾ ਇਹ ਦਰਸਾਉਂਦਾ ਹੈ ਕਿ ਜੇਕਰ ਵਿਸ਼ੇ ਅਤੇ ਅਦਾਕਾਰੀ ਪੱਖੋਂ ਵਧੀਆ ਫ਼ਿਲਮਾਂ ਦਾ ਨਿਰਮਾਣ ਹੋਵੇ ਤਾਂ ਅੱਜ ਵੀ ਸਿਨੇਮੇ ਵਿੱਚ ਜਾ ਕੇ ਫ਼ਿਲਮ ਵੇਖਣ ਵਾਲਿਆਂ ਦੀ ਘਾਟ ਨਹੀਂ ਹੈ। ਇਹ ਵਾਕਿਆ ਹੀ ਪੰਜਾਬੀ ਫ਼ਿਲਮਾਂ ਲਈ ਇੱਕ ਸ਼ੁਭ-ਸ਼ਗਨ ਹੈ।

No comments:

Post a Comment